ਬਰੈਂਪਟਨ, 01 ਫਰਵਰੀ : ਮੈਕਸੀਕੋ ਅਤੇ ਉੱਤਰੀ ਅਮਰੀਕੀ ਦੇਸ਼ਾਂ ਵਿਚਾਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਅਮਰੀਕਾ ਵਿਚ ਮੁਕੱਦਮੇ ਲਈ ਹਵਾਲਗੀ ਕੀਤੀ ਜਾਵੇਗੀ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਅਤੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਦੇ ਸਾਂਝੇ ਆਪਰੇਸ਼ਨ ਨੂੰ "ਆਪਰੇਸ਼ਨ ਡੈਡ ਹੈਂਡ" ਕਿਹਾ ਜਾਂਦਾ ਹੈ, ਜਿਸ ਵਿਚ ਸੰਗਠਿਤ ਅਪਰਾਧ ਗਿਰੋਹ ਵਿਚ ਕਥਿਤ ਭੂਮਿਕਾ ਲਈ ਦੋ ਅਮਰੀਕੀ ਸੰਘੀ ਦੋਸ਼ਾਂ ਵਿਚ 19 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਆਰਸੀਐਮਪੀ ਨੇ ਇਕ ਬਿਆਨ ਵਿਚ ਕਿਹਾ ਕਿ ਬਰੈਂਪਟਨ ਦੇ ਰਹਿਣ ਵਾਲੇ ਆਯੁਸ਼ ਸ਼ਰਮਾ (25), ਗੁਰਅੰਮ੍ਰਿਤ ਸੰਧੂ (60) ਅਤੇ ਕੈਲਗਰੀ ਦੇ ਸੁਭਾਮ ਕੁਮਾਰ (29) ਨੂੰ ਅੰਤਰਰਾਸ਼ਟਰੀ ਗ੍ਰਿਫਤਾਰੀ ਵਾਰੰਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਇਕ ਵਿਸ਼ਵਵਿਆਪੀ ਸਮੱਸਿਆ ਹੈ, ਜਿਸ ਨੂੰ ਅਤਿ ਆਧੁਨਿਕ, ਸੰਗਠਿਤ ਅਪਰਾਧ ਸਮੂਹਾਂ ਦੁਆਰਾ ਚਲਾਇਆ ਜਾ ਰਿਹਾ ਹੈ। ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਅਮਰੀਕੀ ਅਟਾਰਨੀ ਮਾਰਟਿਨ ਐਸਟ੍ਰਾਡਾ ਨੇ ਕਿਹਾ ਕਿ ਲਾਲਚ ਤੋਂ ਪ੍ਰੇਰਿਤ ਹੋ ਕੇ ਇਹ ਅਪਰਾਧੀ ਜ਼ਿੰਦਗੀਆਂ ਤਬਾਹ ਕਰ ਦਿੰਦੇ ਹਨ, ਪਰਵਾਰਾਂ ਨੂੰ ਤਬਾਹ ਕਰ ਦਿੰਦੇ ਹਨ ਅਤੇ ਭਾਈਚਾਰੇ ਵਿਚ ਤਬਾਹੀ ਮਚਾਉਂਦੇ ਹਨ। ਗੁਰਅਮ੍ਰਿਤ ਸੰਧੂ, ਜਿਸ ਨੂੰ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, 'ਤੇ ਦੋਸ਼ ਹਨ ਕਿ ਉਸ ਨੇ ਕੈਨੇਡਾ ਵਿਚ ਵੱਡੀ ਮਾਤਰਾ ’ਚ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਅਤੇ ਨਿਰਯਾਤ ਦੀ ਯੋਜਨਾ ਬਣਾਈ ਸੀ। ਦੋਸ਼ ਪੱਤਰ ਅਨੁਸਾਰ ਸੰਧੂ ਨੇ ਇਕ ਪ੍ਰਬੰਧਕ, ਸੁਪਰਵਾਈਜ਼ਰ ਅਤੇ ਮੈਨੇਜਰ ਦੀ ਭੂਮਿਕਾ ਨਿਭਾਈ ਅਤੇ ਕਾਫ਼ੀ ਆਮਦਨ ਅਤੇ ਸਰੋਤ ਪ੍ਰਾਪਤ ਕੀਤੇ। ਉਸ 'ਤੇ ਲਗਾਤਾਰ ਅਪਰਾਧਿਕ ਕਾਰੋਬਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਜੇ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ ਘੱਟ 20 ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸ਼ ਪਤਰ ਵਿਚ ਸ਼ਰਮਾ ਅਤੇ ਕੁਮਾਰ ਦੀ ਪਛਾਣ ਸੈਮੀ-ਟਰੱਕ ਡਰਾਈਵਰਾਂ ਵਜੋਂ ਕੀਤੀ ਗਈ ਹੈ ਜੋ ਕੈਨੇਡਾ ਨੂੰ ਨਸ਼ੀਲੇ ਪਦਾਰਥ ਨਿਰਯਾਤ ਕਰਨ ਵਿਚ ਸ਼ਾਮਲ ਸਨ। ਦੋਵਾਂ ਦੋਸ਼ਾਂ ਵਿਚ ਲਗਭਗ 845 ਕਿਲੋਗ੍ਰਾਮ ਮੈਥਾਮਫੇਟਾਮਾਈਨ, 951 ਕਿਲੋਗ੍ਰਾਮ ਕੋਕੀਨ, 20 ਕਿਲੋ ਫੈਂਟਾਨਿਲ ਅਤੇ 4 ਕਿਲੋ ਹੈਰੋਇਨ ਸ਼ਾਮਲ ਹੈ। ਜਾਂਚ ਦੌਰਾਨ 9,00,000 ਡਾਲਰ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅਨੁਮਾਨਤ ਥੋਕ ਕੀਮਤ 16-28 ਮਿਲੀਅਨ ਡਾਲਰ ਦੇ ਵਿਚਕਾਰ ਦੱਸੀ ਜਾ ਰਹੀ ਹੈ।