ਬੰਗਲਾਦੇਸ਼, 06 ਮਾਰਚ : ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਲਈ ਬਣਾਏ ਗਏ ਸ਼ਰਨਾਰਥੀ ਕੈਂਪ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 2 ਹਜ਼ਾਰ ਤੋਂ ਵੱਧ ਸ਼ੈਲਟਰ ਹੋਮ ਸੜ ਕੇ ਸੁਆਹ ਹੋ ਗਏ। ਗਨੀਮਤ ਹੈ ਕਿ ਇਸ ਘਟਨਾ ਦੌਰਾਨ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ । ਹਾਲਾਂਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨ ਸਾਹਮਣੇ ਨਹੀਂ ਆਏ। ਬੰਗਲਾਦੇਸ਼ ਦੇ ਸ਼ਰਨਾਰਥੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਮਾਰਚ ਨੂੰ ਦੁਪਹਿਰ 2:45 ਵਜੇ ਕੁਤੁਪਾਲੋਂਗ ਇਲਾਕੇ ਵਿੱਚ ਅੱਗ ਲੱਗੀ ਸੀ। ਇੱਥੇ ਜ਼ਿਆਦਾਤਰ ਸ਼ਰਨਾਰਥੀ ਰਹਿੰਦੇ ਹਨ। 12 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਅੱਗ ਲੱਗਣ ਤੋਂ ਬਾਅਦ ਭਗਦੜ, ਕਾਲਾ ਧੂੰਆਂ ਅਤੇ ਤਬਾਹੀ ਦਿਖਾਈ ਦੇ ਰਹੀ ਸੀ। ਸ਼ਰਨਾਰਥੀ ਕੈਂਪ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਮੇਰਾ ਘਰ ਅਤੇ ਦੁਨੀਆ ਤਬਾਹ ਹੋ ਗਈ ਹੈ। ਅੱਗ ਨੇ ਮੇਰੇ ਤੋਂ ਸਭ ਕੁਝ ਖੋਹ ਲਿਆ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ। ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ 'ਚ ਸਾਢੇ ਤਿੰਨ ਘੰਟੇ ਦਾ ਸਮਾਂ ਲੱਗਾ। ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।