ਲੰਘੇ ਦਿਨੀਂ ਮਿਤੀ 24 ਜੂਨ ਦਿਨ ਸ਼ੁੱਕਰਵਾਰ ਨੂੰ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਦੀ ਇਤਿਹਾਸਕ ਇਮਾਰਤ ਚਹਿਲ-ਪਹਿਲ ਦਾ ਕੇਂਦਰ ਦੇਖਣ ਨੂੰ ਨਜ਼ਰ ਆ ਰਹੀ ਸੀ । ਇਸ ਮੌਕੇ ਪੂਰੇ ਮੈਨੀਟੋਬਾ ਸੂਬੇ ਦੀਆਂ ਪੰਜਾਬੀ ਮੂਲ ਦੀਆਂ ਖੇਡ ਸਖ਼ਸ਼ੀਅਤਾਂ ਅਤੇ ਵੱਖ ਵੱਖ ਖੇਡਾਂ ਨਾਲ ਸਬੰਧਤ ਖਿਡਾਰੀ ਵੱਖ ਪਹਿਲੂਆਂ ‘ਤੇ ਵਿਚਾਰਾਂ ਕਰਦੇ ਨਜ਼ਰ ਆ ਰਹੇ ਸਨ ।
ਸਤਲੁਜ ਕਲੱਬ ਕਨੇਡਾ ਵੱਲੋਂ ਕਰਵਾਏ ਗਏ ਇਸ ਸਮਾਰੋਹ ਦਾ ਆਰੰਭ ਮੈਨੀਟੋਬਾ ਦੀ ਪ੍ਰੀਮੀਅਰ ਮਾਣਯੋਗ ਹੈਦਰ ਸਟਿਫਨਸਨ ਦੀ ਹਾਜ਼ਰੀ ਵਿੱਚ ਕਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ । ਇਸ ਮੌਕੇ ‘ਤੇ ਮਾਣਯੋਗ ਪ੍ਰੀਮੀਅਰ ਵੱਲੋਂ ਵਧਾਈ ਸੰਦੇਸ਼ ਪੜ੍ਹਿਆ ਗਿਆ ਅਤੇ ਇਸ ਉਪਰੰਤ ਕਨੇਡਾ ਸਰਕਾਰ ਤੋਂ ਸਨਮਾਨ ਪ੍ਰਾਪਤ ਕਰਨ ਵਾਲੇ ਮੈਨੀਟੋਬਾ ਦੇ ਖਿਡਾਰੀਆਂ ਦੀ ਵਡਿਆਈ ਅਤੇ ਸ਼ੁਭਕਾਮਨਾਵਾਂ ਨਾਲ ਭਰਪੂਰ ਸੰਦੇਸ਼ ਮੈਂਬਰ ਪਾਰਲੀਮੈਂਟ ਮਿਸਟਰ ਟੈਰੀ ਡੂਗਿਡ ਨੇ ਪੜ੍ਹਿਆ ।
ਇਸ ਮੌਕੇ ਤਾੜੀਆਂ ਦੀ ਗੂੰਜ ਨੇ ਸਭ ਅੰਦਰ ਇੱਕ ਵੱਖਰੀ ਅਤੇ ਨਿਵੇਕਲੀ ਅਤੇ ਚੇਤਨਾ ਪੈਦਾ ਕਰ ਦਿੱਤੀ ਜਦੋਂ ਸੂਬੇ ਦੇ ਸਪੋਰਟਸ ਮਨਿਸਟਰ ਆਨਰੇਬਲ ਐਂਡਰਿਊ ਸਮਿੱਥ , ਭਾਰਤੀ ਫੁੱਟਬਾਲ ਦੇ ਉਸ ਸਮੇਂ ਦੇ ਸਟਾਰ ਅਤੇ ਸਾਬਕਾ ਕਪਤਾਨ ਪਰਮਿੰਦਰ ਸਿੰਘ ਕੰਗ, ਸਾਬਕਾ ਬਲਿਊ ਬਾਂਬਰ ਫੁੱਟਬਾਲ ਖਿਡਾਰੀ ਓ ਬੀ ਖਾਨ (ਐੱਮ ਐੱਲ ਏ) ਅਤੇ ਸਤਲੁਜ ਕਲੱਬ ਆਫ ਕਨੇਡਾ ਦੇ ਮੁੱਖੀ ਕੁਲਜੀਤ ਸਿੰਘ “ਭੱਠਲ” ਵੱਲੋਂ “ਫਲਾਇੰਗ ਸਿੱਖ” ਮਿਲਖਾ ਸਿੰਘ ਦੀ ਜੀਵਨੀ ਦਰਸਾਉਂਦੇ ਚਿੱਤਰ ਤੋਂ ਪਰਦਾ ਹਟਾ , ਇਹ ਖੇਡ ਸਨਮਾਨ ਸਮਾਰੋਹ ਉਸ ਮਹਾਨ ਅਥਲੀਟ ਦੇ ਨਾਉਂ ਸਮਰਪਿਤ ਕੀਤਾ ਗਿਆ । ਸਤਲੁਜ ਕਲੱਬ ਦੇ ਇਸ ਪਲੇਠੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੈਨੀਟੋਬਾ ਸੂਬੇ ਦੇ ਖੇਡ ਜਗਤ ਤੋਂ ਪੰਜ “ਸਪੋਰਟਸ ਪਾਇਨੀਅਰਜ” ਅਤੇ 31 ਵੱਖ-ਵੱਖ ਸਪੋਰਟਸ ਫੀਲਡ ਵਿੱਚੋਂ ਨਾਮਣਾ ਖੱਟ , ਉੱਚੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸਨਮਾਨਿਤ ਸਖ਼ਸ਼ੀਅਤਾਂ ਨੂੰ ਭੇਂਟ ਕੀਤੇ ਸਨਮਾਨ ਚਿੰਨ੍ਹਾਂ ਵਿੱਚ ਇੱਕ ਪ੍ਰਮਾਣ-ਪੱਤਰ, ਬਹੁਤ ਹੀ ਖ਼ੂਬਸੂਰਤ ਚਮਕਦਾਰ ਲਿਸ਼ਕਦੀ ਟਰਾਫੀ , ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਵੈਜੀਵਨੀ ਦੀ ਕਿਤਾਬ ਅਤੇ ਉਡਣੇ ਸਿੱਖ ਦੀ ਜ਼ਿੰਦਗੀ ਨੂੰ ਚਿਤਰਦਾ ਹੋਇਆ ਖ਼ੂਬਸੂਰਤ ਪੋਸਟਰ ਦੇ ਕੇ ਸਨਮਾਨਿਤ ਕੀਤਾ ਗਿਆ । ਖੇਡ ਸਨਮਾਨ ਚਿੰਨ੍ਹਾਂ ਵਿੱਚ ਸਨਮਾਨਿਤ ਸਖ਼ਸ਼ੀਅਤਾਂ ਨੂੰ ਭੇਂਟ ਕੀਤਾ ਵਿਸ਼ੇਸ਼ ਪ੍ਰਮਾਣ ਪੱਤਰ ਸ਼ਾਇਦ ਕਨੇਡਾ ਦੀ ਧਰਤੀ ‘ਤੇ ਪਹਿਲੀ ਵਾਰ ਅੰਗਰੇਜ਼ੀ ਭਾਸ਼ਾ ਦੇ ਨਾਲ-ਨਾਲ ਮਾਂ-ਬੋਲੀ ਪੰਜਾਬੀ ਨੂੰ ਵੀ ਮਾਣ ਹਾਸਿਲ ਹੋਇਆ ਜਿਸ ਉੱਪਰ ਮੈਨੀਟੋਬਾ ਦੀ ਪ੍ਰੀਮੀਅਰ , ਖੇਡ ਮੰਤਰੀ , ਏਸ਼ੀਅਨ ਫੁੱਟਬਾਲ ਸਿਤਾਰੇ ਪਰਮਿੰਦਰ ਸਿੰਘ ਕੰਗ ਅਤੇ ਵਿੰਨੀਪੈਗ ਦੀ ਮਾਣਮੱਤੀ ਸਖ਼ਸ਼ੀਅਤ ਕੁਲਜੀਤ ਸਿੰਘ ਭੱਠਲ , ਪੈਜੀਡੈਂਟ ਸਤਲੁਜ ਕਲੱਬ ਆਫ ਕਨੇਡਾ ਦੇ ਹਸਤਾਖਰ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰ ਗਏ ਹਨ ।
ਸਨਮਾਨ ਸਮਾਰੋਹ ਸਮੇਂ ਮੈਨੀਟੋਬਾ ਦੇ ਸਪੋਰਟਸ ਮੰਤਰੀ ਮਿਸਟਰ ਐਂਡਰਿਊ ਸਮਿੱਥ ਨੇ ਆਪਣੀ ਸੰਖੇਪ ਅਤੇ ਪ੍ਰਭਾਵਸ਼ਾਲੀ ਤਕਰੀਰ ਵਿੱਚ ਜਿੱਥੇ ਖੇਡਾਂ ਦਾ ਉੱਤਮਤਾ ਸਨਮਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਇਹ ਵੀ ਜਿਕਰ ਕੀਤਾ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਸਨਮਾਨ ਕਰਨ ਵਾਲਾ ਇਹ ਸਮਾਰੋਹ ਮੈਨੀਟੋਬਾ ਵਿਧਾਨ ਸਭਾ ਦੀ ਬਿਲਡਿੰਗ ਅੰਦਰ ਅੱਜ ਤੱਕ ਦਾ ਸਭ ਤੋਂ ਵੱਡਾ ਅਤੇ ਖਾਸ ਪ੍ਰੋਗਰਾਮ ਹੋ ਨਿੱਬੜਿਆ ਹੈ ।
ਕਲੱਬ ਪ੍ਰੈਜੀਡੈਂਟ ਸਰਦਾਰ ਕੁਲਜੀਤ ਸਿੰਘ ਭੱਠਲ ਵੱਲੋਂ ਆਪਣੇ ਅੰਦਾਜ਼ ਵਿੱਚ ਖਿਡਾਰੀਆਂ , ਖੇਡਾਂ ਅਤੇ ਖੇਡ ਮੈਦਾਨਾਂ ਪ੍ਰਤੀ ਇਸ ਮੌਕੇ ਕਿਹਾ ਗਿਆ ਕਿ ਬੁਲਾਰਿਆਂ ਮੂੰਹੋਂ ਬੋਲਿਆ ਗਿਆ ਇੱਕ-ਇੱਕ ਸ਼ਬਦ ਸਭ ਦੇ ਦਿਲਾਂ ਨੂੰ ਟੁੰਬ ਗਿਆ ਅਤੇ ਨਵੇਂ ਨਰੋਏ ਖੇਡ ਜ਼ਜਬੇ ਨੂੰ ਪ੍ਰਬਲ ਕਰ ਗਿਆ ਹੈ । ਉਹਨਾਂ ਕਿਹਾ ਕਿ ਖੇਡ ਭਾਵਨਾ ਅਤੇ ਖੇਡ ਰੋਸ਼ਨੀ ਹਮੇਸ਼ਾਂ ਇੱਕ ਚੰਗੇ ਅਤੇ ਨਰੋਏ ਸਮਾਜ ਦਾ ਨਿਰਮਾਣ ਕਰਦੀ ਹੈ ਅਤੇ ਰੰਗ ਭੇਦ ਭਾਵਨਾ ਨੂੰ ਦੂਰ ਰੱਖ ਸਾਰੇ ਖਿਡਾਰੀ ਇੱਕੋ ਹੀ ਖੇਡ ਮੈਦਾਨ ਅੰਦਰ ਏਕੇ ਦੀ ਭਾਵਨਾ ਨਾਲ ਖੇਡਦੇ ਹੋਏ ਸਮੁੱਚੇ ਸੰਸਾਰ ਨੂੰ ਪਿਆਰ , ਖੁਸ਼ੀ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਇੱਕ ਪੱਕੀ ਮੋਹਰ ਲਾ ਕੇ ਦ੍ਰਿੜ ਕਰਵਾ ਦਿੰਦੇ ਹਨ ਕਿ ਖੇਡ ਮੈਦਾਨ ਸਤਿਕਾਰਯੋਗ ਅਤੇ ਪੂਜਾ ਦੇ ਸਥਾਨਾਂ ਤੋਂ ਘੱਟ ਨਹੀਂ ਹਨ ।
ਆਪਣੀ ਤਕਰੀਰ ਵਿੱਚ ਆਪਣੇ ਖੇਡ ਜੀਵਨ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਪਰਮਿੰਦਰ ਸਿੰਘ ਕੰਗ ਨੇ ਅਜੋਕੀ ਯੁਵਾ ਪੀੜ੍ਹੀ ਨੂੰ ਇਹੋ ਸੰਦੇਸ਼ ਦਿੱਤਾ ਕਿ ਸਖਤ ਮਿਹਨਤ ਅਤੇ ਲਗਨ ਹੀ ਉੱਚ ਪ੍ਰਾਪਤੀ ਦਾ ਮਾਰਗ ਅਤੇ ਸਫਲਤਾ ਦੀ ਕੁੰਜੀ ਹੈ । “ਸਤਲੁਜ ਖੇਡ ਸਨਮਾਨ” ਸਮਾਰੋਹ ਨੂੰ ਕਾਮਯਾਬ ਬਣਾਉਣ ਵਿੱਚ ਜਿੱਥੇ ਵਿੰਨੀਪੈਗ ਦੇ ਖੇਡ ਪ੍ਰੇਮੀਆਂ ਅਤੇ ਕਾਰੋਬਾਰੀਆਂ ਨੇ ਆਰਥਿਕ ਮੱਦਦ ਦਾ ਸਹਿਯੋਗ ਦਿੱਤਾ , ਉੱਥੇ ਉਚੇਚੇ ਤੌਰ ‘ਤੇ ਕੁਲਜੀਤ ਭੱਠਲ ਦੇ ਖਿਡਾਰੀ ਸਾਥੀਆਂ ਪ੍ਰਿਤਪਾਲ ਸਿੰਘ ਸੇਖੋਂ (ਐਡਮਿੰਟਨ) , ਤਲਵਿੰਦਰ ਸਿੰਘ ਸੋਹੀ (ਕੈਲਗਿਰੀ) ਅਤੇ ਬਲਜਿੰਦਰ ਭਨੋਹੜ (ਕਲੋਨਾ, ਬੀਸੀ) ਵੱਲੋਂ ਵਿਸ਼ੇਸ਼ ਯੋਗਦਾਨ ਰਾਹੀਂ ਪਾ ਕੇ ਸਨਮਾਨ ਪ੍ਰਾਪਤ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ ।
ਸਤਲੁਜ ਕਲੱਬ ਆਫ ਕਨੇਡਾ ਵੱਲੋਂ 24 ਜੂਨ ਦੀ ਸ਼ਾਮ ਨੂੰ ਸਨਮਾਨ ਪ੍ਰਾਪਤ ਖਿਡਾੀਆਂ ਅਤੇ ਦਿੱਗਜ਼ ਫੁੱਟਬਾਲਰ ਪਰਮਿੰਦਰ ਸਿੰਘ ਕੰਗ ਦੇ ਸਨਮਾਨ ਵਿੱਚ ਇੱਕ ਪ੍ਰੀਤੀ ਭੋਜਨ ਦਾ ਆਯੋਜਨ ਕੀਤਾ ਗਿਆ , ਜਿੱਥੇ ਸਾਰਿਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਖੇਡ ਮੇਲਿਆਂ ਦੇ ਇੱਕ-ਇੱਕ ਪਲ ਨੂੰ ਯਾਦ ਕਰਦਿਆਂ ਹਰ ਸਾਲ ਦੁਬਾਰਾ ਮਿਲਣ ਦਾ ਵਾਅਦਾ ਕੀਤਾ ।