ਲੰਡਨ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ ਟ੍ਰਸ ਦੇ ਅਸਤੀਫੇ ਤੋਂ ਬਾਅਦ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ ਕੌਣ ਸੰਭਾਲੇਗਾ ਇਸ ‘ਤੇ ਖੂਬ ਚਰਚਾ ਹੋ ਰਹੀ ਹੈ। ਸਤੰਬਰ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿਚ ਟ੍ਰਸ ਤੋਂ ਹਾਰੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਇਸ ਵਾਰ ਪੀਐੱਮ ਬਣਨ ਦੀ ਰੇਸ ਵਿਚ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਹਨ। 155 ਸਾਂਸਦਾਂ ਦੇ ਸਮਰਥਨ ਨਾਲ ਸੁਨਕ ਸਭ ਤੋਂ ਅੱਗੇ ਸਨ ਜਦੋਂ ਕਿ ਪੇਨੀ ਮੋਰਡਰਟ ਨੂੰ 25 ਸਾਂਸਦਾਂ ਦਾ ਸਮਰਥਨ ਪ੍ਰਾਪਤ ਸੀ। 357 ਸਾਂਸਦ ਹਨ ਤੇ ਸਿਰਫ 180 ਸਾਂਸਦਾਂ ਨੇ ਆਪਣਾ ਸਮਰਥਨ ਜਨਤਕ ਕੀਤਾ ਹੈ। 50 ਤੋਂ ਵਧ ਸਾਂਸਦ ਅਜਿਹੇ ਸਨ ਜਿਨ੍ਹਾਂ ਨੇ ਸਾਬਕਾ ਪੀਐੱਮ ਬੋਰਿਸ ਜਾਨਸਨ ਦਾ ਸਮਰਥਨ ਕੀਤਾ ਸੀ ਪਰ ਹੁਣ ਉਹ ਦੌੜ ਤੋਂ ਬਾਹਰ ਹੋ ਗਏ ਹਨ। ਨਾਮਜ਼ਦਗੀਆਂ ਆ ਰਹੀਆਂ ਹਨ ਅਤੇ ਉਹ ਸੋਮਵਾਰ ਨੂੰ ਦੁਪਹਿਰ 2 ਵਜੇ (ਸਥਾਨਕ ਸਮੇਂ) ‘ਤੇ ਬੰਦ ਹੋ ਜਾਣਗੀਆਂ। ਨਾਮਜ਼ਦਗੀਆਂ ਵੀਰਵਾਰ ਰਾਤ ਨੂੰ ਖੋਲ੍ਹੀਆਂ ਗਈਆਂ। ਅਗਲੇ ਪੜਾਅ ਵਿੱਚ ਜਾਣ ਲਈ ਉਮੀਦਵਾਰਾਂ ਕੋਲ ਕੁੱਲ 357 ਸੰਸਦ ਮੈਂਬਰਾਂ ਵਿੱਚੋਂ ਘੱਟੋ-ਘੱਟ 100 ਟੋਰੀ ਸੰਸਦ ਮੈਂਬਰਾਂ ਦਾ ਸਮਰਥਨ ਹੋਣਾ ਚਾਹੀਦਾ ਹੈ। ਜੇਕਰ ਘੱਟੋ-ਘੱਟ ਇੱਕ ਉਮੀਦਵਾਰ ਆਖਰੀ ਮਿਤੀ ਤੱਕ ਆਪਣੇ ਘੱਟੋ-ਘੱਟ 100 ਸਾਥੀਆਂ ਦਾ ਸਮਰਥਨ ਜਿੱਤ ਲੈਂਦਾ ਹੈ, ਤਾਂ ਉਹ ਵਿਅਕਤੀ ਅਗਲਾ ਟੋਰੀ ਲੀਡਰ ਅਤੇ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣ ਜਾਵੇਗਾ।