ਟੋਰਾਂਟੋਂ, 09 ਅਪ੍ਰੈਲ (ਭੁਪਿੰਦਰ ਸਿੰਘ ਠੁੱਲੀਵਾਲ) : ਪੰਜਾਬੀ ਆਪਣੀ ਸਖ਼ਤ ਮਿਹਨਤ ਨਾਲ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚ ਰਹਿ ਕੇ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੇ ਹਨ, ਪੰਜਾਬੀ ਮੁੰਡੇ–ਕੁੜੀਆਂ ਦੁਨੀਆਂ ਦੇ ਕਈ ਦੇਸ਼ਾਂ ‘ਚ ਰਾਜਨੀਤਿਕ ਅਤੇ ਪ੍ਰਸ਼ਾਸ਼ਨਿਕ ਤੌਰ ਤੇ ਵੱਡੇ ਆਹੁਦਿਆਂ ਤੇ ਬਿਰਾਜਮਾਨ ਹਨ। ਇਸੇ ਹੀ ਤਰ੍ਹਾਂ ਕੈਨੇਡਾ ‘ਚ ਇੱਕ ਹੋਰ ਪੰਜਾਬ ਦੀ ਧੀ ਮਨਵਿੰਦਰ ਕੌਰ ਨੇ ਪੁਲਿਸ ਅਫਸਰ ਬਣ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਬਾਬਾ ਬਕਾਲਾ ਦੇ ਪਿੰਡ ਰਜਧਾਨ ਦੀ ਵਸਨੀਕ ਮਨਵਿੰਦਰ ਕੌਰ ਦੇ ਪਿਤਾ ਮਨਜੀਤ ਸਿੰਘ ਵੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਆਹੁਦੇ ਤੇ ਨੌਕਰੀ ਕਰ ਰਹੇ ਹਨ। ਧੀ ਦੇ ਪੁਲਿਸ ਅਫਸਰ ਬਣਨ ਦੀ ਖੁਸ਼ੀ ‘ਚ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਧੀ ਨੇ ਜਿੱਥੇ ਕੈਨੇਡਾ ਪੁਲਿਸ ਵਿੱਚ ਅਫਸਰ ਬਣ ਕੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੋਰਨਾਂ ਧੀਆਂ ਲਈ ਵੀ ਪ੍ਰੇਰਨਾ ਕਾਇਮ ਕੀਤੀ ਹੈ।