ਸਿਡਨੀ, 13 ਅਪ੍ਰੈਲ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਇੱਕ ਸ਼ਾਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਇਸ ਘਟਨਾ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਮਹੀਨੇ ਦੇ ਬੱਚੇ ਸਮੇਤ ਕਈ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇੱਕ ਹਮਲਾਵਰ ਵੀ ਪੁਲਿਸ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ। ਇਹ ਘਟਨਾ ਵੈਸਟਫੀਲਡ ਬੌਂਡੀ ਜੰਕਸ਼ਨ ਸ਼ਾਪਿੰਗ ਮਾਲ ਵਿੱਚ ਵਾਪਰੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ‘ਸ਼ੱਕੀ ਹਮਲਾਵਰ ਸਥਾਨਕ ਸਮੇਂ ਅਨੁਸਾਰ ਦੁਪਹਿਰ 3.10 ਵਜੇ (ਭਾਰਤੀ ਸਮੇਂ ਅਨੁਸਾਰ 10.30 ਵਜੇ) ਮਾਲ ‘ਚ ਦਾਖਲ ਹੋਇਆ। ਇਸ ਤੋਂ ਬਾਅਦ ਉਹ ਕੁਝ ਦੇਰ ਲਈ ਬਾਹਰ ਚਲਾ ਗਿਆ ਅਤੇ ਫਿਰ ਦੁਪਹਿਰ 3.20 ਵਜੇ ਵਾਪਸ ਆਇਆ ਅਤੇ ਲੋਕਾਂ ‘ਤੇ ਹਮਲਾ ਕਰ ਦਿੱਤਾ। ਸਿਡਨੀ ਦੇ ਪੁਲਿਸ ਕਮਿਸ਼ਨਰ ਐਂਥਨੀ ਕੁੱਕ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਹਮਲਾਵਰ ਇਕੱਲੇ ਹੀ ਮਾਲ ‘ਚ ਦਾਖਲ ਹੋਇਆ। ਉਸ ਦੇ ਨਾਲ ਕੋਈ ਹੋਰ ਵਿਅਕਤੀ ਨਹੀਂ ਸੀ। ਫਿਲਹਾਲ ਹਮਲਾਵਰ ਨਾਲ ਸਬੰਧਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਮਲੇ ਦੇ ਕਾਰਨਾਂ ਦਾ ਵੀ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਟੀਮ ਜਾਂਚ ਕਰ ਰਹੀ ਹੈ।