ਟੋਰਾਂਟੋ, 03 ਜਨਵਰੀ : ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਵਿਚ ਪੜ੍ਹਾਈ ਤੋਂ ਮੋਹ ਭੰਗ ਹੋ ਗਿਆ ਹੈ। ਇਹੀ ਕਾਰਨ ਹੈ ਕਿ ਜੁਲਾਈ ਤੋਂ ਅਕਤੂਬਰ 2023 ਦਰਮਿਆਨ ਕੈਨੇਡਾ ਵਿਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਕੈਨੇਡਾ ਦੀ ਮਹਿੰਗਾਈ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਸੰਬੰਧੀ ਆਨ ਲਾਈਨ ਡਾਟਾ ਰੱਖਣ ਵਾਲੇ ਪਲੇਟਫਾਰਮ ਅਪਲਾਈ ਬੋਰਡ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 2022 'ਚ ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਪਰਮਿਟ ਲਈ 146,000 ਅਰਜ਼ੀਆਂ ਦੀ ਪ੍ਰਕਿਰਿਆ ਹੋਈ, ਜਦੋਂ ਕਿ 2023 'ਚ ਕੇਵਲ 87,000 ਹਜ਼ਾਰ ਅਰਜ਼ੀਆਂ ਪੜ੍ਹਾਈ ਦੇ ਵੀਜ਼ੇ ਲਈ ਆਈਆਂ ਹਨ । ਇਸ ਪ੍ਰਕਾਰ 2022 ਦੇ ਮੁਕਾਬਲੇ 2023 'ਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਚ 60,000 ਦੀ ਕਮੀ ਵੇਖਣ ਨੂੰ ਮਿਲੀ ਹੈ। ਜਾਣਕਾਰੀ ਅਨੁਸਾਰ ਕੈਨੇਡਾ ਆਉਣ ਦੀ ਭਾਰਤੀ ਵਿਦਿਆਰਥੀਆਂ ਦੀ ਰੁਚੀ ਘੱਟਣ ਦਾ ਕਾਰਨ ਸੋਸ਼ਲ ਮੀਡੀਆ 'ਤੇ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਲਗਾਤਾਰ ਪ੍ਰਚਾਰ ਹੋਣਾ ਹੈ ਜੋ ਕਾਫੀ ਹੱਦ ਸਹੀ ਹੈ । ਮਹਿੰਗਾਈ ਰਿਹਾਇਸ਼ ਅਤੇ ਕੰਮ ਦਾ ਮਿਲਣਾ ਇਸਦੇ ਮੁੱਖ ਕਾਰਨ ਦੱਸੇ ਜਾ ਰਹੇ ਹਨ ਪਰ ਪਿੱਛਲੇ ਸਾਲਾਂ ਦੇ ਮੁਕਾਬਲੇ ਘੱਟ ਅਰਜ਼ੀਆਂ ਆਉਣ ਦੇ ਬਾਵਜੂਦ ਕੈਨੇਡਾ ਇਮੀਗਰੇਸ਼ਨ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਦੇ ਅੰਕੜਿਆਂ 'ਚ ਵਾਧਾ ਹੋਇਆ ਹੈ । 2022 'ਚ ਕੈਨੇਡਾ ਨੇ 184 ਵੱਖ ਵੱਖ ਦੇਸ਼ਾਂ ਤੋਂ 551,405 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ, ਜਿਨ੍ਹਾਂ 'ਚ 126,450 ਕੇਵਲ ਭਾਰਤ ਤੋਂ ਆਉਣ ਵਾਲੇ ਅੰਤਰਾਸ਼ਤਟਰੀ ਵਿਦਿਆਰਥੀ ਸਨ।