ਜੋਹਨਸਬਰਗ, 12 ਮਾਰਚ : ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਅਤੇ ਸੰਗੀਤਕਾਰ ਕੋਸਟਾ ਟਿਚ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਮਹਿਜ਼ 27 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਕੋਸਟਾ ਟਿਚ ਸ਼ਨੀਵਾਰ ਨੂੰ ਜੋਹਨਸਬਰਗ 'ਚ ਅਲਟਰਾ ਮਿਊਜ਼ਿਕ ਕੰਸਰਟ 'ਚ ਪਰਫਾਰਮ ਕਰ ਰਹੇ ਸਨ। ਜਿਥੇ ਅਚਾਨਕ ਉਹ ਗਾਉਂਦੇ ਹੋਏ ਸਟੇਜ 'ਤੇ ਡਿੱਗ ਪਏ। ਕੋਸਟਾ ਟਿਚ ਦੇ ਇਸ ਆਖਰੀ ਪ੍ਰਦਰਸ਼ਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਕੋਸਟਾ ਟਿਚ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਦੋ ਵਾਰ ਡਿੱਗਦਾ ਨਜ਼ਰ ਆ ਰਿਹਾ ਹੈ। ਇਕ ਵਾਰ ਉਹ ਆਪਣੇ ਆਪ ਨੂੰ ਸੰਭਾਲ ਲੈਂਦਾ ਹੈ ਪਰ ਕੁਝ ਦੇਰ ਬਾਅਦ ਉਹ ਫਿਰ ਡਿੱਗਦਾ ਨਜ਼ਰ ਆਉਂਦਾ ਹੈ। ਹਾਲਾਂਕਿ ਰੈਪਰ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਅਤੇ ਨਾ ਹੀ ਇਸ ਬਾਰੇ ਕੋਈ ਅਧਿਕਾਰਿਤ ਤੌਰ 'ਤੇ ਪੁਸ਼ਟੀ ਹੀ ਕੀਤੀ ਗਈ ਹੈ। ਜਿਵੇਂ ਹੀ ਇਹ ਖਬਰ ਸਾਹਮਣੇ ਆਈ, ਸਾਰੇ ਕਲਾਕਾਰ, ਸੰਗੀਤ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ਵਿੱਚ ਹਨ। ਕੋਸਟਾ ਟਿਚ ਨੂੰ ਕੋਸਟਾ ਸੋਬਾਨੋਗਲੂ ਵਜੋਂ ਜਾਣਿਆ ਜਾਂਦਾ ਸੀ। ਉਸ ਦਾ ਜਨਮ 1995 ਵਿੱਚ ਨੇਲਸਪ੍ਰੂਟ ਵਿੱਚ ਹੋਇਆ ਸੀ। ਕੋਸਟਾ ਨੂੰ 'ਐਕਟੀਵੇਟ' ਅਤੇ 'ਨਕਲਕਥਾ' ਵਰਗੀਆਂ ਹਿੱਟ ਫਿਲਮਾਂ ਲਈ ਜਾਣਿਆ ਜਾਂਦਾ ਸੀ। ਉਸ ਨੇ ਹਾਲ ਹੀ ਵਿੱਚ ਅਮਰੀਕੀ ਗਾਇਕ ਏਕਨ ਦੇ ਨਾਲ ਇੱਕ ਰੀਮਿਕਸ ਰਿਲੀਜ਼ ਕੀਤਾ। ਉਸ ਦੀ ਅਚਾਨਕ ਮੌਤ ਦੀ ਖਬਰ ਨੇ ਦੱਖਣੀ ਅਫ਼ਰੀਕਾ ਦੇ ਸੰਗੀਤ ਇੰਡਸਟਰੀ ਨੂੰ ਵੀ ਸਦਮਾ ਦਿੱਤਾ ਹੈ।