ਅਬੂਜਾ, 26 ਦਸੰਬਰ : ਨਾਈਜੀਰੀਆ ਦੇ ਉੱਤਰੀ-ਕੇਂਦਰੀ ਰਾਜ ਵਿੱਚ ਹੋਏ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 160 ਤੱਕ ਪਹੁੰਚ ਗਈ ਹੈ। ਇਕ ਸਥਾਨਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਡਾਕੂਆਂ ਨੇ ਵੱਖ-ਵੱਖ ਭਾਈਚਾਰਿਆਂ 'ਤੇ ਹਮਲਾ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਹੁਣ ਤੱਕ 160 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਥਾਨਕ ਸਰਕਾਰ ਖੇਤਰ ਦੇ ਕਾਰਜਕਾਰੀ ਚੇਅਰਮੈਨ ਕਾਸਾਹ ਨੇ ਕਿਹਾ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਹੋਏ ਹਮਲਿਆਂ 'ਚ 113 ਲੋਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਹਮਲਾ ਡਾਕੂਆਂ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦਰਅਸਲ, ਉੱਤਰ-ਕੇਂਦਰੀ ਰਾਜ ਵਿੱਚ ਪਸ਼ੂ ਪਾਲਕਾਂ ਅਤੇ ਕਿਸਾਨਾਂ ਦਰਮਿਆਨ ਝੜਪਾਂ ਦੀਆਂ ਖ਼ਬਰਾਂ ਹਨ। ਮਈ ਤੋਂ ਇੱਥੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। 100 ਤੋਂ ਵੱਧ ਲੋਕ ਕਿਸਾਨ-ਚਰਵਾਹਿਆਂ ਦੇ ਹਮਲਿਆਂ ਵਿੱਚ ਮਾਰੇ ਗਏ ਸਨ।