ਲੰਡਨ, 6 ਨਵੰਬਰ : ਬਰਤਾਨੀਆ ’ਚ ਰਹਿਣ ਵਾਲੇ ਇਕ ਸਿੱਖ ਨੂੰ ਕੋਰਟ ’ਚ ਜਿਊਰੀ ਸੇਵਾ ਦੇਣ ’ਤੇ ਪਾਬੰਦੀ ਲਾ ਦਿੱਤੀ ਗਈ। ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਰਪਾਨ ਹੋਣ ਕਾਰਨ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਬਰਮਿੰਘਮ ਕ੍ਰਾਊਨ ਕੋਰਟ ’ਚ ਜਿਊਰੀ ਦੇ ਤੌਰ ’ਤੇ ਸੇਵਾ ਦੇਣ ਤੋੋਂ ਰੋਕਣ ਦੇ ਕਾਰਨ ਉਹ ਬਹੁਤ ਸ਼ਰਮਿੰਦਾ ਤੇ ਭੇਦਭਾਵਪੂਰਨ ਮਹਿਸੂਸ ਕਰ ਰਹੇ ਹਨ। ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੂਜੀ ਵਾਰੀ ਜਿਊਰੀ ਸੇਵਾ ਲਈ ਬੁਲਾਇਆ ਗਿਆ ਸੀ। ਗੇਟ ’ਤੇ ਪੁੱਜਣ ’ਤੇ ਗਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਕਿਰਪਾਨ ਉੱਥੇ ਜਮ੍ਹਾਂ ਕਰਵਾਉਣੀ ਪਵੇਗੀ ਤੇ ਬਾਹਰ ਆਉਣ ’ਤੇ ਬਾਅਦ ’ਚ ਉਹ ਇਸ ਨੂੰ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਤੋਂ ਪਹਿਲਾਂ ਆਪਣੇ ਸੇਵਾ ਦੇਣ ਆਏ ਸਨ ਤਾਂ ਉਸ ਸਮੇਂ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਇਸ ਮੁੱਦੇ ਨੂੰ ਲੈ ਕੇ ‘ਦਿ ਸਿੱਖ ਫੈਡਰੇਸ਼ਨ ਯੂਕੇ’ ਨੇ ਨਿਆਂ ਮੰਤਰੀ ਐਲੇਬਸ ਚਾਕ ਨੂੰ ਪੱਤਰ ਲਿਖ ਕੇ ਅਜਿਹੇ ਵਿਵਹਾਰ ਦੀ ਨਿੰਦਾ ਕਰਨ ਦੀ ਮੰਗ ਕੀਤੀ ਗਈ ਹੈ। ਉੱਥੇ, ਨਿਆਂ ਮੰਤਰਾਲੇ ਨੇ ਕਿਹਾ ਕਿ ਸਿੰਘ ਨੂੰ ਉਨ੍ਹਾਂ ਦੀ ਸੇਵਾ ਤੋਂ ਇਸ ਲਈ ਰੋਕਿਆ ਗਿਆ, ਕਿਉਂਕਿ ਜ਼ਰੂਰੀ ਜਿਊਰੀ ਮੈਂਬਰਾਂ ਦੀ ਗਿਣਤੀ ਜ਼ਿਆਦਾ ਸੀ। ਇਸ ਦੌਰਾਨ ਐੱਚਐੱਮ ਕੋਰਟ ਐਂਡ ਟ੍ਰਿਬਿਊਨਲ ਸਰਵਿਸ ਨੇ ਸਿੰਘ ਨੂੰ ਹੋਈ ਪਰੇਸ਼ਾਨੀ ਲਈ ਮਾਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਸੁਰੱਖਿਆ ਅਧਿਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਦੁਬਾਰਾ ਹੋਣ ਤੋਂ ਰੋਕਣ ਲਈ ਕਦਮ ਚੁੱਕਣ ਲਈ ਕਿਹਾ ਹੈ।