ਮੋਨਰੋਵੀਆ, 28 ਦਸੰਬਰ : ਉਤਰੀ-ਮੱਧ ਲਾਇਬੇਰੀਆ ਦੇ ਬੋਂਗ ਕਾਉਂਟੀ ਵਿਚ ਇਕ ਤੇਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਮਗਰੋਂ ਉਸ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ 83 ਹੋਰ ਜ਼ਖ਼ਮੀ ਹੋ ਗਏ। ਪੱਛਮੀ ਅਫ਼ਰੀਕੀ ਦੇਸ਼ ਦੇ ਚੀਫ਼ ਮੈਡੀਕਲ ਅਫ਼ਸਰ ਫਰਾਂਸਿਸ ਕਾਟੇਹ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ-ਮੱਧ ਲਾਈਬੇਰੀਆ ਵਿੱਚ ਇੱਕ ਗੈਸ ਟੈਂਕਰ ਵਿੱਚ ਧਮਾਕਾ ਹੋਣ ਕਾਰਨ 40 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਕਤੇਹ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸੇ ਦਰਜਨਾਂ ਲੋਕ ਅਜੇ ਵੀ ਹਸਪਤਾਲ 'ਚ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ, ਮਾੜੀ ਸੜਕ ਸੁਰੱਖਿਆ ਅਤੇ ਕਮਜ਼ੋਰ ਬੁਨਿਆਦੀ ਢਾਂਚੇ ਨੇ ਉਪ-ਸਹਾਰਨ ਅਫਰੀਕਾ ਨੂੰ ਕਰੈਸ਼ਾਂ ਲਈ ਦੁਨੀਆ ਦਾ ਸਭ ਤੋਂ ਘਾਤਕ ਖੇਤਰ ਬਣਾ ਦਿੱਤਾ ਹੈ, ਮੌਤ ਦਰ ਯੂਰਪੀਅਨ ਔਸਤ ਨਾਲੋਂ ਤਿੰਨ ਗੁਣਾ ਵੱਧ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਧਮਾਕੇ ਵਿਚ ਹੋਰ ਪੀੜਤਾਂ ਦੇ ਇਲਾਵਾ ਇਕ ਔਰਤ ਅਤੇ ਛੇ ਤੋਂ ਨੌਂ ਸਾਲ ਦੀ ਉਮਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਅਖ਼ਬਾਰ ਨੇ ਕੇਤੇਹ ਦੇ ਹਵਾਲੇ ਨਾਲ ਦਸਿਆ ਕਿ ਜ਼ਖ਼ਮੀਆਂ ਦਾ ਫੇਬੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਹੋਰਾਂ ਨੂੰ 14 ਮਿਲਟਰੀ ਹਸਪਤਾਲ, ਜੌਨ ਐਫ਼. ਕੈਨੇਡੀ ਮੈਮੋਰੀਅਲ ਹਸਪਤਾਲ ਅਤੇ ਈਲਵਾ ਹਸਪਤਾਲ ਵਿਚ ਤਬਦੀਲ ਕਰ ਦਿਤਾ ਗਿਆ ਹੈ।