ਡਾਂਗ, 13 ਜਨਵਰੀ : ਮੱਧ ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿੱਚ ਇੱਕ ਬੱਸ ਹਾਦਸੇ ਵਿੱਚ ਦੋ ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 23 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਭਲੂਬੰਗ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰਿਆ ਜਦੋਂ ਇੱਕ ਯਾਤਰੀ ਬੱਸ ਨੇਪਾਲ ਦੇ ਲੁੰਬਨੀ ਸੂਬੇ ਵਿੱਚ ਰਾਪਤੀ ਨਦੀ ਵਿੱਚ ਡਿੱਗ ਗਈ।ਉਨ੍ਹਾਂ ਨੇ ਦੱਸਿਆ ਕਿ ਬੱਸ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ ਜਦੋਂ ਇਹ ਭਲੂਬੰਗ ਦੇ ਰਾਪਤੀ ਪੁਲ ਤੋਂ ਉਲਟ ਗਈ ਅਤੇ ਪੂਰਬ-ਪੱਛਮੀ ਰਾਜਮਾਰਗ ਦੇ ਨਾਲ ਨਦੀ ਵਿੱਚ ਡਿੱਗ ਗਈ। “ਯਾਤਰੀ ਬੱਸ ਬਾਂਕੇ ਦੇ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ ਪਰ ਇਹ ਪੁਲ ਤੋਂ ਉਲਟ ਗਈ ਅਤੇ ਰਾਪਤੀ ਨਦੀ ਵਿੱਚ ਡਿੱਗ ਗਈ। ਅਸੀਂ ਸਿਰਫ ਅੱਠ ਮ੍ਰਿਤਕ ਯਾਤਰੀਆਂ ਦੀ ਪਛਾਣ ਦਾ ਪਤਾ ਲਗਾਇਆ ਹੈ, ਜਿਸ ਵਿੱਚ ਦੋ ਭਾਰਤੀ ਵੀ ਸ਼ਾਮਲ ਹਨ, ”ਇਲਾਕਾ ਪੁਲਿਸ ਦਫਤਰ, ਭਲੂਬੰਗ ਦੇ ਮੁੱਖ ਇੰਸਪੈਕਟਰ ਉੱਜਵਲ ਬਹਾਦਰ ਸਿੰਘ ਨੇ ਫ਼ੋਨ ਉੱਤੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ। ਅਧਿਕਾਰੀ ਨੇ ਦੱਸਿਆ ਕਿ ਦੋ ਭਾਰਤੀਆਂ ਸਮੇਤ ਅੱਠ ਪੀੜਤਾਂ ਦੀ ਪਛਾਣ ਕਰ ਲਈ ਗਈ ਹੈ, ਇਸ ਹਾਦਸੇ ਵਿੱਚ 23 ਲੋਕ ਜ਼ਖ਼ਮੀ ਹੋਏ ਹਨ।ਮ੍ਰਿਤਕ ਭਾਰਤੀਆਂ ਦੀ ਪਛਾਣ ਬਿਹਾਰ ਦੇ ਮਲਾਹੀ ਦੇ ਰਹਿਣ ਵਾਲੇ ਯੋਗੇਂਦਰ ਰਾਮ (67) ਅਤੇ ਉੱਤਰ ਪ੍ਰਦੇਸ਼ ਦੇ ਮੁਨੇ (31) ਵਜੋਂ ਹੋਈ ਹੈ। ਚੀਫ਼ ਇੰਸਪੈਕਟਰ ਨੇ ਅੱਗੇ ਕਿਹਾ, "ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਮਾਹੀ ਹਸਪਤਾਲ ਲਿਜਾਇਆ ਗਿਆ ਹੈ।" ਜ਼ਖਮੀਆਂ ਨੂੰ ਨੇਪਾਲਗੰਜ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦੇ ਡਿਪਟੀ ਇੰਸਪੈਕਟਰ ਸੁੰਦਰ ਤਿਵਾਰੀ ਨੇ ਕਿਹਾ, “ਸਾਰੇ ਜ਼ਖਮੀਆਂ ਨੂੰ ਇਲਾਜ ਲਈ ਕੋਹਾਲਪੁਰ ਦੇ ਨੇਪਾਲਗੰਜ ਮੈਡੀਕਲ ਟੀਚਿੰਗ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਬੱਸ ਡਰਾਈਵਰ ਲਾਲ ਬਹਾਦੁਰ ਨੇਪਾਲੀ (28) ਨੂੰ ਜਾਂਚ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ।