ਟਰੇਨਿੰਗ ਲੈ ਰਹੇ ਪਟਵਾਰੀਆ ਨੂੰ ਡਿਊਟੀ ਪੂਰੀ ਮਿਹਨਤ, ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦਾ ਦਿੱਤਾ ਸੱਦਾ

ਹੁਸ਼ਿਆਰਪੁਰ, 2 ਜਨਵਰੀ 2024 : ਨਵੇਂ ਸਾਲ ਦੀ ਆਮਦ ਮੌਕੇ ਸਥਾਨਕ ਪਟਵਾਰ ਟਰੇਨਿੰਗ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਟਰੇਨਿੰਗ ਲੈ ਰਹੇ ਪਟਵਾਰੀਆਂ ਨੂੰ ਤਾਕੀਦ ਕੀਤੀ ਕਿ ਟਰੇਨਿੰਗ ਉਪਰੰਤ ਉਹ ਆਪਣੀ ਡਿਊਟੀ ਪੂਰੀ ਲਗਨ, ਮਿਹਨਤ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਕਰਦਿਆਂ ਵਧੀਆ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ। ਸਬ-ਰਜਿਸਟਰਾਰ-ਕਮ-ਤਹਿਸੀਲਦਾਰ ਹੁਸ਼ਿਆਰਪੁਰ ਕੁਲਵੰਤ ਸਿੰਘ ਨੇ ਟਰੇਨਿੰਗ ਲੈ ਰਹੇ ਉਮੀਦਵਾਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਪੇਸ਼ਾ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਿਆ ਹੋਣ ਕਾਰਨ ਇਹ ਡਿਊਟੀ ਅਹਿਮ ਜ਼ਿੰਮੇਵਾਰੀ ਵਾਲੀ ਹੁੰਦੀ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਟਵਾਰੀ ਨਾਗਰਿਕ ਸੇਵਾਵਾਂ ਦੇਣ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾ ਸਕਦੇ ਹਨ ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਟਵਾਰ ਟਰੇਨਿੰਗ ਸਕੂਲ ਦਾ ਸਮੁੱਚਾ ਸਟਾਫ਼ ਅਤੇ ਪ੍ਰਿੰਸੀਪਲ ਬੇਹੱਦ ਤਜ਼ਰਬੇਕਾਰ ਅਤੇ ਗੁਣੀ ਵਿਅਕਤੀ ਹਨ ਜਿਨ੍ਹਾਂ ਦੀਆਂ ਸੇਵਾਵਾਂ ਤੋਂ ਉਮੀਦਵਾਰਾਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ। ਭੂੰਗਾ ਅਤੇ ਸ਼ਾਮਚੁਰਾਸੀ ਦੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਅਤੇ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਸਮੇਤ ਤਹਿਸੀਲਦਾਰ ਕੁਲਵੰਤ ਸਿੰਘ ਨੇ ਹੋਣਹਾਰ ਉਮੀਦਵਾਰ ਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਸੰਜੀਵ ਠਾਕੁਰ, ਰਮਨ ਬਾਤਿਸ਼, ਮਨੀਸ਼ਾ ਗਿੱਲ, ਲਵਪ੍ਰੀਤ ਕੌਰ ਅਤੇ ਮਿਸ ਦਿਕਸ਼ਾ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਰਾਕੇਸ਼ ਪਾਲ ਮਿਨਹਾਸ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਟਵਾਰ ਸਕੂਲ ਅਕਤੂਬਰ 2024 ਨੂੰ ਸ਼ੁਰੂ ਹੋਇਆ ਸੀ ਅਤੇ ਮੌਜੂਦਾ ਸਮੇਂ ਇਥੇ 51 ਉਮੀਦਵਾਰ ਟਰੇਨਿੰਗ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਹੋਰ ਟਰੇਨਿੰਗ ਕਰਨ ਉਪਰੰਤ ਇਨ੍ਹਾਂ ਉਮੀਦਵਾਰਾਂ ਦੀ ਵੱਖ-ਵੱਖ ਸਟੇਸ਼ਨਾਂ ’ਤੇ ਤਾਇਨਾਤੀ ਹੋ ਜਾਵੇਗੀ। ਇਸ ਮੌਕੇ ਕਾਨੂੰਗੋ ਟੀਚਰ ਗਣੇਸ਼ ਕੁਮਾਰ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਅਤੇ ਬਰਿੰਦਰ ਕੁਮਾਰ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ।