ਬਾਗ਼ਬਾਨੀ ਦਾ ਕਿੱਤਾ ਅਪਣਾ ਕੇ ਵਧੇਰੇ ਲਾਭ ਕਮਾਉਣ ਕਿਸਾਨ : ਡਿਪਟੀ ਕਮਿਸ਼ਨਰ 

ਨਵਾਂਸ਼ਹਿਰ, 28 ਨਵੰਬਰ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ  ਮਹਿੰਦਰ ਭਗਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਗਬਾਨਾਂ ਦੀ ਆਮਦਨ ਵਧਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਯਕੀਨੀ ਬਣਾਉਣ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਖੇਤਰ ਵਿਚ ਵੱਖ-ਵੱਖ ਸਬਸਿਡੀ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਵਿਭਾਗ ਦੀਆਂ ਸਕੀਮਾਂ ਦੀ ਸਮੀਖਿਆਂ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ , ਖੇਤੀ ਵਿਭਿੰਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫੇਕਾਰ ਫ਼ਸਲਾਂ ਵੱਲ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਕੁਦਰਤੀ ਸੋਮਿਆਂ ਨੂੰ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਤਕਨੀਕੀ ਜਾਣਕਾਰੀ ਦੇਣ ਦੇ ਨਾਲ-ਨਾਲ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਨਵੇਂ ਬਾਗ ਲਗਾਉਣਾ, ਹਾਈਬ੍ਰਿਡ ਸਬਜ਼ੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਖੁੰਬ ਪੈਦਾਵਾਰ ਯੂਨਿਟ, ਵਰਮੀ ਕੰਪੋਸਟ ਯੂਨਿਟ, ਸੁਰੱਖਿਅਤ ਖੇਤੀ ਲਈ ਪੌਲੀ ਹਾਊਸ/ਨੈੱਟ ਹਾਊਸ ਸਥਾਪਿਤ ਕਰਨ ਅਤੇ ਇਸ ਯੂਨਿਟ ਅਧੀਨ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ, ਸ਼ਹਿਦ ਮੱਖੀ ਪਾਲਣ, ਬਾਗ਼ਾਂ ਲਈ ਛੋਟਾ ਟਰੈਕਟਰ, ਪਾਵਰ ਟਿੱਲਰ, ਸਪਰੇਅ ਪੰਪ ਆਦਿ ਗਤੀਵਿਧੀਆਂ 'ਤੇ ਵਿਭਾਗ ਵੱਲੋਂ 40 ਤੋਂ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਫੁੱਲਾਂ ਅਤੇ ਸਬਜ਼ੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਕਰਨ ਲਈ ਖੇਤ ਵਿਚ ਪੈਕ ਹਾਊਸ ਤਿਆਰ ਕਰਨ ਲਈ 50 ਫੀਸਦੀ ਦੇ ਹਿਸਾਬ ਨਾਲ 2 ਲੱਖ ਰੁਪਏ ਸਬਸਿਡੀ ਅਤੇ ਕੋਲਡ ਸਟੋਰ, ਰਾਈਪਨਿੰਗ ਚੈਂਬਰ, ਕੋਲਡ ਰੂਮ, ਇੰਟੀਗ੍ਰੇਟਿਡ ਪੈਕ ਹਾਊਸ, ਰੈਫਰਿਜਰੇਟਿਡ ਵੈਨ, ਪਿਆਜ਼ਾਂ ਲਈ ਸਟੋਰੇਜ ਯੂਨਿਟ ਆਦਿ 'ਤੇ 35 ਫੀਸਦੀ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੌਜੂਦਾ ਸਕੀਮਾਂ ਤੋਂ ਇਲਾਵਾ ਸਰਕਾਰ ਵੱਲੋਂ ਕੁਝ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਬਾਗ਼ਾਂ ਅਧੀਨ ਰਕਬਾ ਵਧਾਉਣ ਲਈ ਬਾਗਬਾਨਾਂ ਨੂੰ ਤੁਪਕਾ ਸਿੰਚਾਈ ਅਧੀਨ ਨਵੇਂ ਬਾਗ਼ ਲਗਾਉਣ 'ਤੇ 10 ਹਜ਼ਾਰ ਰੁਪਏ ਪ੍ਰਤੀ ਏਕੜ੍ ਦੇ ਹਿਸਾਬ ਨਾਲ ਪੌਲੀ ਹਾਊਸ ਦੀ ਸ਼ੀਟ ਬਦਲਣ ਲਈ ਕਲੈਡਿੰਗ ਮਟੀਰਿਅਲ 'ਤੇ ਵੱਧ ਤੋਂ ਵੱਧ 4 ਹਜ਼ਾਰ ਵਰਗ ਮੀਟਰ ਤੱਕ 50 ਫੀਸਦੀ ਇਨਸੈਨਟਿਵ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਫੁੱਲਾਂ ਅਤੇ ਸਬਜ਼ੀਆਂ ਦੇ ਮੰਡੀਕਰਨ ਲਈ ਬਾਗਬਾਨਾਂ ਨੂੰ ਕਰੇਟਾਂ ਅਤੇ ਗੱਤੇ ਦੇ ਡੱਬਿਆਂ 'ਤੇ 50 ਫੀਸਦੀ ਦੇ ਹਿਸਾਬ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ 14000 ਰੁਪਏ ਸਬਸਿਡੀ ਦੀ ਸਹੂਲਤ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਬਾਗਬਾਨੀ ਖੇਤਰ ਨੂੰ ਅੱਗੇ ਲਿਜਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਅਤੇ ਵਧੇਰੇ ਜਾਣਕਾਰੀ ਲਈ ਬਲਾਕ ਦੇ ਸਬੰਧਤ ਬਾਗਬਾਨੀ ਅਧਿਕਾਰੀ ਜਾਂ ਜ਼ਿਲ੍ਹੇ ਦੇ ਬਾਗਬਾਨੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।