ਚੰਡੀਗੜ੍ਹ, 28 ਜਨਵਰੀ : ਵਿਜੀਲੈਂਸ ਬਿਓਰੋ ਪੰਜਾਬ ਵਲੋਂ ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਕਰੀਬ 3 ਸਾਲ 5 ਮਹੀਨੇ ਤੋਂ ਫਰਾਰ ਚੱਲ ਰਹੇ ਭਗੌੜੇ ਦੋਸ਼ੀ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੁਕੱਦਮੇ ਵਿੱਚ ਹੁਣ ਤੱਕ ਕੁੱਲ 12 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇੰਮਪਰੂਵਮੈਂਟ ਟਰੱਸਟ ਜਲੰਧਰ ਵਲੋਂ ਸੂਰੀਆ ਇੰਨਕਲੇਵ ਐਕਟੈਂਸ਼ਨ ਵਿੱਚ 94.97 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਦਾ ਮੁਆਵਜਾ ਦੇਣ ਸਮੇਂ ਅਸਲ ਵਿਅਕਤੀਆਂ ਦੀ ਜਗ੍ਹਾ ਪਰ ਫਰਜ਼ੀ ਵਿਅਕਤੀ ਖੜੇ ਕਰਕੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਮਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ 5, 49, 18, 523 (ਪੰਜ ਕਰੋੜ ਉਨੰਜਾ ਲੱਖ ਅਠਾਰਾਂ ਹਜ਼ਾਰ ਪੰਜ ਸੌ ਤੇਈ) ਰੁਪਏ ਦੀ ਮੁਅਵਜ਼ੇ ਦੀ ਰਕਮ ਗਬਨ ਕਰਨ ਸਬੰਧੀ ਮੁਕੱਦਮਾ ਨੰਬਰ 244 ਮਿਤੀ 29-10-2013 ਨੂੰ ਆਈ.ਪੀ.ਸੀ. ਦੀ ਧਾਰਾ 409, 419, 420, 465, 467, 468, 201, 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਤਹਿਤ ਥਾਣਾ ਨਵਾਂ ਬਾਰਾਂਦਰੀ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। ਉਪਰੰਤ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ਼ ਵਿਚ ਸ਼ਾਮਲ ਦੋਸ਼ੀ ਫਰਜ਼ੀ ਗੋਬਿੰਦ ਰਾਮ ਵੱਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਮਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀ ਭੁਗਤ ਨਾਲ 2, 12, 76, 211 ਰੁਪਏ ਦੀ ਰਕਮ ਦਾ ਗਬਨ ਕੀਤਾ ਗਿਆ ਅਤੇ ਇਸ ਰਕਮ ਵਿੱਚੋਂ 7, 00, 000 ਰੁਪਏ ਦੋਸ਼ੀ ਗੁਰਦੀਪ ਸਿੰਘ ਨੇ ਚੈਕ ਰਾਂਹੀ ਦੋਸ਼ੀ ਗੋਬਿੰਦ ਰਾਮ ਪਾਸੋਂ ਹਾਸਲ ਕੀਤੇ ਸਨ। ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿਚ ਸ਼ਾਮਲ ਦੋਸ਼ੀ ਮਨਜੀਤ ਸ਼ਰਮਾ, ਸੁਖਦੇਵ ਸਿੰਘ ਪਟਵਾਰੀ, ਪ੍ਰੇਮ ਪ੍ਰਕਾਸ਼, ਵਕੀਲ ਮੋਹਿਤ ਭਾਰਦਵਾਜ, ਵਕੀਲ ਦੀਪਕ ਸਡਾਨਾ, ਅਮਨਦੀਪ ਸਿੰਘ, ਕੁਲਵੰਤ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਤਰਲੋਕ ਸਿੰਘ, ਸੰਦੀਪ ਸ਼ਰਮਾ, ਸੁਰਿੰਦਰ ਕੁਮਾਰ ਕੈਸ਼ੀਅਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੇ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਉਨ੍ਹਾਂ ਦੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਪਰ ਦਬਿਸ਼ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।