ਚੰਡੀਗੜ੍ਹ, 21 ਫ਼ਰਵਰੀ : ਕੇਂਦਰ ਸਰਕਾਰ ਦੀ ਏਜੰਸੀ ਸੀਬੀਆਈ ਵੱਲੋਂ ਅੱਜ ਪੰਜਾਬ ਦੇ ਕਿਸਾਨ ਆਗੂਆਂ ਅਤੇ ਦਫਤਰਾਂ ਤੇ ਭਾਰੀ ਫੋਰਸ ਨਾਲ ਰੇਡ ਕੀਤੀ ਗਈ । ਜਿਸਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕੇਂਦਰ ਸਰਕਾਰ ਨੂੰ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਵਨੀ ਦਿੱਤੀ। ਸੰਯੁਕਤ ਮੋਰਚੇ ਦੇ ਆਗੂ ਡਾ ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਰਾਏ, ਰਮਿੰਦਰ ਸਿੰਘ ਪਟਿਆਲਾ, ਫੁਰਮਾਨ ਸਿੰਘ ਸੰਧੂ ਆਦਿ ਆਗੂਆਂ ਨੇ ਦੱਸਿਆ ਕੀ ਅੱਜ ਕੇਂਦਰੀ ਏਜੰਸੀ ਵਲੋਂ ਬਿਨਾਂ ਕਿਸੇ ਕਾਰਨ ਦੇ ਬੀਕੇਯੂ ਲੱਖੋਵਾਲ ਦੇ ਜਰਨਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਅਤੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੇ ਘਰ ਅਤੇ ਦਫਤਰ ਤੇ ਛਾਪੇ ਮਾਰੀ ਕਰਕੇ ਕੁਝ ਜਰੂਰੀ ਕਾਗਜ਼ ਚੁੱਕ ਕੇ ਲੈ ਗਏ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਇਸਦਾ ਸਖਤ ਨੋਟਿਸ ਲਿਆ ਹੈ ਅਤੇ ਸਰਕਾਰ ਨੂੰ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਾਂਗ ਸਰਕਾਰ ਸੰਯੁਕਤ ਕਿਸਾਨ ਮੋਰਚੇ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਵਲੋਂ 20 ਮਾਰਚ ਨੂੰ ਦਿੱਲੀ ਵਿਖੇ ਦਿੱਤੇ ਵੱਡੇ ਇਕੱਠ ਦੇ ਸੱਦੇ ਨੂੰ ਲੈਕੇ ਕੇਂਦਰ ਸਰਕਾਰ ਬੌਖਲਾਹਟ ਵਿੱਚ ਆਈ ਹੋਈ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟੇਗਾ ਅਤੇ ਸਰਕਾਰ ਨੇ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਦੀ ਤਾਬੂਤ ਵਿੱਚ ਆਖਰੀ ਕਿੱਲ ਗੱਡਿਆ ਜਾਵੇਗਾ ।