ਚੰਡੀਗੜ੍ਹ 23 ਜੁਲਾਈ 2024 : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਵੱਲੋੰ ਪੇਸ਼ ਕੀਤੇ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਪੇਸ਼ ਕੀਤੇ ਬਜਟ ‘ਚ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਨੇ ਦੇਸ਼ ਦੇ ਆਜ਼ਾਦੀ ਸ਼ੰਘਰਸ, ਭੁੱਖਮਰੀ ਦੂਰ ਕਰਨ ਅਤੇ ਸਰਹੱਦਾਂ ਦੀ ਰੱਖੀ ਕਰਨ ਵਿੱਚ ਬੇਮਿਸਾਲ ਯੋਗਦਾਨ ਪਾਇਆ, ਪ੍ਰੰਤੂ ਕੇਂਦਰ ਦੁਆਰਾ ਹਮੇਸ਼ਾ ਹੀ ਸੂਬੇ ਨੂੰ ਬਣਦੇ ਹੱਕ ਦੇਣ ਦੀ ਥਾਂ ਅੱਖੋਂ-ਪਰੋਖੇ ਕੀਤਾ ਜਾਂਦਾ ਰਿਹਾ। ਉਨ੍ਹਾਂ ਆਖਿਅ ਕਿ ਇਸ ਬਜਟ ਦੌਰਾਨ ਵੀ ਸੂਬੇ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਬਜਟ ਤੋਂ ਇੱਕ ਦਿਨ ਪਹਿਲਾਂ ਕੇਂਦਰੀ ਵਿੱਤ ਮੰਤਰੀ ਵੱਲੋਂ ਖੇਤੀ ਸੈਕਟਰ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਮਹਿਸੂਸ ਕੀਤੀ ਗਈ, ਪਰ ਦੇਸ਼ ਦੇ ਲੋਕਾਂ ਅੱਗੇ ਪੇਸ਼ ਕੀਤਾ ਗਿਆ ਬਜਟ ਅੰਨਦਾਤੇ ਨੂੰ ਰਾਹਤ ਦਿਵਾਉਣ ਤੋਂ ਕੋਹਾਂ ਦੂਰ ਪਾਇਆ ਗਿਆ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਘੱਟੋ-ਘੱਟ ਸਮਰਥਨ ਮੁੱਲ, ਕੀਟਨਾਸ਼ਕਾਂ ਦਵਾਈਆਂ ‘ਤੇ ਸਬਸਿਡੀ, ਖੇਤੀ ਸੰਦਾਂ ਉੱਤੇ ਲੱਗਣ ਵਾਲੀ ਜੀ.ਐੱਸ.ਟੀ. ਘਟਾਉਣ ਅਤੇ ਖਾਸ ਤੌਰ ‘ਤੇ ਖੇਤੀ ਸੈਕਟਰ ਦਾ ਜੀਡੀਪੀ ਵਿੱਚ ਹਿੱਸੇਦਾਰੀ ਵਧਾਉਣ ਲਈ ਕੋਈ ਖ਼ਾਸ ਕਦਮ ਨਾ ਪੁੱਟਣ ਨੇ ਕਿਸਾਨਾਂ ਦੇ ਪੱਲੇ ਨਾਮੋਸ਼ੀ ਪਾਈ ਹੈ।