ਚੰਡੀਗੜ੍ਹ, 27 ਜਨਵਰੀ : ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਪੁਲਿਸ ਵਿਭਾਗ ਦੇ ਇਕ ਸਬ ਇੰਸਪੈਕਟਰ, ਇਕ ਸਹਾਇਕ ਸਬ ਇੰਸਪੈਕਟਰ ਅਤੇ ਚੱਕਬੰਦੀ ਦਫਤਰ ਦੇ ਕਲਰਕ ਨੂੰ ਕ੍ਰਮਵਾਰ 80, 000 ਰੁਪਏ ਅਤੇ 50, 000 ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਅਤੇ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਸਾਂਝੇ ਕਰਦੇ ਹੋਏ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਪਹਿਲੇ ਮਾਮਲੇ ਵਿਚ ਬਿਊਰੋ ਦੀ ਟੀਮ ਨੇ ਐਫ.ਆਈ.ਆਰ. ਦੇ ਨਾਂ ਹਟਾਉਣ ਦੇ ਬਦਲੇ ਵਿਚ ਸ਼ਿਕਾਇਤ ਕਰਤਾ ਤੋਂ 80, 000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਕੁੰਜਪੁਰਾ ਥਾਣੇ ਦੇ ਐਸ.ਐਚ.ਓ. ਅਹੁੱਦੇ 'ਤੇ ਤੈਨਾਤ ਸਬ ਇੰਸਪੈਕਟਰ ਕੁਲਦੀਪ ਸਿੰਘ ਅਤੇ ਇਸ ਥਾਣੇ ਦੇ ਸਹਾਇਕ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਕੁੰਜਪੁਰਾ ਥਾਣੇ ਦੇ ਸਬ ਇੰਸਪੈਕਟਰ ਰਾਜੇਂਦਰ 'ਤੇ ਵੀ ਮਾਮਲਾ ਦਰਜ ਕੀਤਾ ਹੈ, ਜੋ ਫਰਾਰ ਹੈ। ਇਹ ਹੋਰ ਮਾਮਲੇ ਵਿਚ ਕਰਨਾਲ ਦੇ ਚੱਕਬੰਦੀ ਦਫਤਰ ਵਿਚ ਕਲਰਕ ਸਤਬੀਰ ਨੂੰ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਕਰਤਾ ਤੋਂ 50, 000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ। ਦੋਸ਼ੀ ਕਲਰਕ ਨੇ ਸ਼ਿਕਾਇਤਕਰਤਾ ਦੇ ਪੱਖ ਵਿਚ ਅਪੀਲ ਦਾ ਫੈਸਲਾ ਕਰਨ ਲਈ 4 ਲੱਖ ਰੁਪਏ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਪਹਿਲੀ ਕਿਸ਼ਤ ਵੱਜੋਂ 50, 000 ਰੁਪਏ ਲਏ। ਬਿਊਰੋ ਦੀ ਟੀਮ ਨੇ ਚੱਕਬੰਦੀ ਦਫਤਰ ਕਰਨਾਲ ਵਿਚ ਤੈਨਾਤ ਕਾਨੂੰਨਗੋ ਨਫੇ ਸਿੰਘ 'ਤੇ ਵੀ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਦੋਸ਼ੀ ਅੱਜ ਫਰਾਰ ਹੈ। ਦੋਸ਼ੀਆਂ ਖਿਲਾਫ ਬਿਊਰੋ ਥਾਣਾ ਕਰਨਾਲ ਵਿਚ ਭ੍ਰਿਸ਼ਟਚਾਰ ਰੋਕੂ ਐਕਟ ਤੇ ਭਾਰਤੀ ਦੰਡ ਸੰਹਿਤਾ ਦੀ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।