ਚੰਡੀਗੜ੍ਹ, 12 ਜੂਨ : ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਥਿਤ ਹਸਪਤਾਲ ਨੂੰ ਬੰਬ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਧਮਕੀ ਇੱਕ ਈਮੇਲ ਰਾਹੀਂ ਦਿੱਤੀ ਗਈ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਚੰਡੀਗੜ੍ਹ ਪੁਲਿਸ ਮੌਕੇ ‘ਤੇ ਪਹੁੰਚ ਗਏ ਹਨ। ਧਮਕੀ ਤੋਂ ਬਾਅਦ ਬੰਬ ਨਿਰੋਧਕ ਦਸਤੇ ਵੀ ਮੌਕੇ ਤੇ ਬੁਲਾਏ ਗਏ ਹਨ। ਸੈਕਟਰ 32 ਵਿੱਚ ਇੱਕ ਮੈਂਟਲ ਹੈਲਥ ਇੰਸਟੀਚਿਊਟ ਹੈ, ਜਿਸ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਮੁਤਾਬਕ ਇਹ ਕੋਈ ਸ਼ਰਾਰਤ ਹੋ ਸਕਦੀ ਹੈ ਪਰ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੁਰੱਖਿਆ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪੁਲਿਸ ਮੁਤਾਬਕ ਇਹ ਮੇਲ ਸਵੇਰੇ 9.40 ਵਜੇ ਆਇਆ ਸੀ। ਮੇਲ ਵਿੱਚ ਕੁਝ ਵੀ ਨਹੀਂ ਲਿਖਿਆ ਗਿਆ ਹੈ ਕਿ ਧਮਕੀ ਦੇਣ ਵਾਲਾ ਕੌਣ ਹੈ। ਤੁਹਾਨੂੰ ਦਸ ਦਈਏ ਕਿ ਹਸਪਤਾਲ ਦੇ ਨੇੜੇ ਹੀ ਰਿਹਾਇਸ਼ੀ ਇਲਾਕਾ ਹੈ, ਇਸ ਲਈ ਪੁਲਿਸ ਪੂਰੀ ਸਾਵਧਾਨੀ ਵਰਤ ਰਹੀ ਹੈ। ਧਮਕੀ ਵਿੱਚ ਲਿਖਿਆ ਗਿਆ ਸੀ ਕਿ ਮੈਂਟਲ ਹਸਪਤਾਲ ਵਿੱਚ ਬੰਬ ਰੱਖਿਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਪੂਰੇ ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮਰੀਜ਼ਾਂ ਨੂੰ ਕਿਸੇ ਹੋਰ ਥਾਂ ‘ਤੇ ਭੇਜ ਦਿੱਤਾ ਗਿਆ ਹੈ। ਪਾਰਕਿੰਗ ਏਰੀਆ ਤੋਂ ਲੈ ਕੇ ਵਾਰਡ ਤੱਕ ਚੈਕਿੰਗ ਕੀਤੀ ਜਾ ਰਹੀ ਹੈ। ਬੰਬ ਸਕੁਐਡ ਦੇ ਨਾਲ-ਨਾਲ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ ਹੈ।