- ਮੀਤ ਹੇਅਰ ਨੇ ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆ ਸਰਕਾਰ ਦੀਆਂ ਛੇ ਮਹੀਨਿਆਂ ਦੀਆਂ ਇਤਿਹਾਸਕ ਪ੍ਰਾਪਤੀਆਂ ਗਿਣਵਾਈਆਂ
ਚੰਡੀਗੜ੍ਹ, 07 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਨੀਅਤ ਤੇ ਨੀਤੀ ਚ ਕੋਈ ਖੋਟ ਨਹੀਂ ਹੈ। ਪੰਜਾਬ ਵਿੱਚ ਪੂਰੀ ਤਰ੍ਹਾਂ ਕਾਨੂੰਨ ਦਾ ਰਾਜ਼ ਹੈ ਅਤੇ ਅਮਨ-ਕਾਨੂੰਨ ਨਾਲ ਖਿਲਵਾੜ ਕਰਨ ਵਾਲੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆ ਸੰਬੋਧਨ ਕਰਦਿਆਂ ਕਹੀ। ਮੀਤ ਹੇਅਰ ਨੇ ਸੂਬਾ ਸਰਕਾਰ ਦੀਆਂ ਛੇ ਮਹੀਨਿਆਂ ਦੀਆਂ ਇਤਿਹਾਸਕ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਪਹਿਲੇ ਛੇ ਮਹੀਨਿਆਂ ਵਿੱਚ ਹੀ ਉਹ ਵੱਡੇ ਕੰਮ ਕਰ ਦਿੱਤੇ ਜੋ ਪਿਛਲੀਆਂ ਸਰਕਾਰਾਂ ਨੇ ਪੰਜ ਸਾਲ ਦੌਰਾਨ ਵੀ ਨਹੀਂ ਕਰਦੀਆਂ।ਪੰਜਾਬ ਵਿੱਚ ਪਹਿਲਾਂ ਵੋਟਾਂ ਵਾਲੇ ਸਾਲ ਹੀ ਥੋੜ੍ਹੇ ਬਹੁਤੇ ਕੰਮ ਕੀਤੇ ਜਾਂਦੇ ਸਨ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਛੇ ਮਹੀਨਿਆਂ ਵਿੱਚ ਹੀ 600 ਯੂਨਿਟ ਮੁਫ਼ਤ ਬਿਜਲੀ, 500 ਤੋਂ ਵੱਧ ਆਮ ਆਦਮੀ ਕਲੀਨਿਕ, ਨਾਜਾਇਜ਼ ਕਬਜ਼ੇ ਛੁਡਵਾਏ, 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਦੇਣਾ, 26000 ਤੋਂ ਵੱਧ ਸਰਕਾਰੀ ਨੌਕਰੀਆਂ, ਇਕ ਵਿਧਾਇਕ, ਇਕ ਪੈਨਸ਼ਨ ਜਿਹੇ ਵੱਡੇ ਫ਼ੈਸਲੇ ਕੀਤੇ।ਆਉਣ ਵਾਲੇ ਸਮੇਂ ਵਿੱਚ 150 ਜਨਤਕ ਖੱਡਾਂ ਤੇ 100 ਕਮਰਸ਼ੀਅਲ ਖੱਡਾਂ ਤੋਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਦੇਣ ਦਾ ਟੀਚਾ ਹੈ। ਪੰਜਾਬ ਵਿੱਚ ਰੋਜ਼ਾਨਾ ਮਜ਼ਦੂਰਾਂ ਨੂੰ ਰੇਤੇ ਦੀ ਭਰਾਈ ਲਈ ਚੰਗੇ ਪੈਸੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਦਿੱਤੇ ਕਮਰਸ਼ੀਅਲ ਖੱਡਾਂ ਦੇ ਠੇਕੇ ਜਲਦ ਖਤਮ ਹੋਣਗੇ। ਸੂਬਾ ਸਰਕਾਰ 100 ਕਮਰਸ਼ੀਅਲ ਖੱਡਾਂ ਤੋਂ ਵੀ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਆਮ ਲੋਕਾਂ ਨੂੰ ਰੇਤਾ ਮਿਲਣ ਲੱਗੇਗਾ। ਹੁਣ 32 ਜਨਤਕ ਖੱਡਾਂ ਤੋਂ ਲੋਕਾਂ ਨੂੰ ਟਰੈਕਟਰ-ਟਰਾਲੀ ਰਾਹੀਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਰਿਹਾ ਹੈ। ਇਹ ਜਨਤਕ ਖੱਡਾਂ ਦੀ ਗਿਣਤੀ ਵੀ 150 ਕਰਨ ਦਾ ਟੀਚਾ ਹੈ।ਮੁੱਖ ਮੰਤਰੀ ਵੱਲੋਂ ਮਾਓ ਸਾਹਿਬ ਵਿਖੇ ਜਨਤਕ ਖੱਡ ਦਾ ਉਦਘਾਟਨ ਕੀਤਾ ਗਿਆ, ਉੱਥੋਂ ਰੋਜ਼ਾਨਾ 200 ਟਰਾਲੀ ਲੋਕ ਭਰ ਕੇ ਜਾ ਰਹੇ ਹਨ। ਇਸ ਨਾਲ ਕਿਰਤੀਆਂ ਨੂੰ ਵੀ ਦਿਨ ਵਿੱਚ ਚੰਗੀ ਕਮਾਈ ਹੁੰਦੀ ਹੈ। ਪੰਜਾਬ ਵਿੱਚ ਇਸ ਫ਼ੈਸਲੇ ਨਾਲ ਕਹੀਆਂ-ਬੱਠਲਾਂ ਨਾਲ ਰੇਤੇ ਦੀ ਟਰਾਲੀ ਭਰਨ ਵਾਲੀ ਲੇਬਰ ਨੂੰ ਵੱਡਾ ਫ਼ਾਇਦਾ ਹੋਇਆ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ਼ ਹੈ ਅਤੇ ਵਿਰੋਧੀਆਂ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਬਦਨਾਮ ਕਰ ਰਹੇ ਹਨ ਹਾਲਾਂਕਿ ਕਰਾਈਮ ਰੇਟ ਦੇ ਮਾਮਲੇ ਵਿੱਚ ਪੰਜਾਬ 17ਵੇਂ ਸਥਾਨ ਉੱਤੇ ਹੈ। ਉਨ੍ਹਾਂ ਕੌਮੀ ਅਪਰਾਧਕ ਰਿਕਾਰਡ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸੂਬਿਆਂ ਵਿੱਚ ਅਪਰਾਧ ਦੀ ਦਰ ਬਹੁਤ ਜ਼ਿਆਦਾ ਹੈ। ਮੀਤ ਹੇਅਰ ਨੇ ਕਿਹਾ ਕਿ ਵਿਰੋਧੀ ਧਿਰ ਵਿੱਚ ਬੈਠੇ ਕਾਂਗਰਸੀ ਵਿਧਾਇਕ ਪੰਜਾਬ ਨੂੰ ਬਿਨਾਂ ਕਿਸੇ ਕਾਰਨ ਤੇ ਤੱਥ ਤੋਂ ਬਦਨਾਮ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਦੇ ਪਰ ਉਨ੍ਹਾਂ ਦੀ ਹੀ ਪਾਰਟੀ ਨੇ ਹੀ ਪੰਜਾਬ ਵਿੱਚ 8 ਵਾਰ ਰਾਸ਼ਟਰਪਤੀ ਰਾਜ ਲਗਾਇਆ, ਦਿੱਲੀ ਵਿੱਚ ਸਿੱਖ ਕਤਲੇਆਮ ਅਤੇ ਪੰਜਾਬ ਵਿੱਚ ਕਾਲਾ ਦੌਰ ਲਿਆਂਦਾ।ਪੰਜਾਬ ਵਿੱਚ ਗੈਂਗਸਟਰ ਕਲਚਰ ਪਿਛਲੀਆਂ ਸਰਕਾਰਾਂ ਦੀ ਦੇਣ ਹੈ।