ਚੰਡੀਗੜ੍ਹ, 18 ਅਗਸਤ 2024 : ਪੰਜਾਬ ਵਿੱਚ ਪੰਜ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਹੋਣੀਆਂ ਹਨ, ਜਿੰਨਾਂ ਵਿੱਚੋਂ ਇੱਕ ਗਿੱਦੜਬਾਹਾ ਦੀ ਸੀਟ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਹਲਕੇ ਵਿਚ ਸਰਗਰਮੀਆਂ ਵਧਾ ਦਿੱਤੀਆਂ ਹਨ। ਇਥੇ ਜਿਮਨੀ ਚੋਣ ਹੋਣ ਵਾਲੀ ਹੈ। ਅਜਿਹੇ ਵਿਚ ਚਰਚਾ ਛਿੜ ਗਈ ਹੈ ਕਿ ਸੁਖਬੀਰ ਬਾਦਲ ਇਥੋਂ ਚੋਣ ਲੜ ਸਕਦੇ ਹਨ। ਲਗਾਤਾਰ ਅੱਜ ਦੂਜੇ ਦਿਨ ਗਿੱਦੜਬਾਹਾ ‘ਚ ਸੁਖਬੀਰ ਦਾ ਦੌਰਾ ਹੈ। ਕੱਲ੍ਹ ਵੀ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਦੇ ਪਿੰਡਾਂ ਦਾ ਦੌਰਾ ਕੀਤਾ ਸੀ। ਗਿੱਦੜਬਾਹਾ ਬਾਦਲ ਪਰਿਵਾਰ ਦੀ ਸੀਟ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਤੋਂ 5 ਵਾਰ ਵਿਧਾਇਕ ਰਹੇ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਪੰਜਾਬ ਦੇ ਚਾਰ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਲਈ ਹੁਣ ਪੰਜ ਵਿਧਾਨ ਸਭਾ ਹਲਕਿਆਂ ਵਿਚ ਉਪ ਚੋਣ ਹੋਵੇਗੀ। ਚੇਤੇ ਰਹੇ, ਸੰਗਰੂਰ ਲੋਕ ਸਭਾ ਸੀਟ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਜਿੱਤੀ ਸੀ, ਜਿਸ ਕਾਰਨ ਹੁਣ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੀ ਬਰਨਾਲਾ ਵਿਧਾਨ ਸਭਾ ਸੀਟ ਨੂੰ ਖ਼ਾਲੀ ਐਲਾਨ ਦਿੱਤਾ ਜਾਵੇਗਾ। ਇਹ ਸੀਟ ਇਸ ਸਮੇਂ ਆਮ ਆਦਮੀ ਪਾਰਟੀ ਦੇ ਕੋਲ ਹੈ। ਇਸੇ ਤਰ੍ਹਾਂ ਗਿੱਦੜਬਾਹਾ ਵਿਧਾਨ ਸਭਾ ਸੀਟ ਉਤੇ ਵੀ ਜ਼ਿਮਨੀ ਚੋਣ ਹੋਵੇਗੀ ਕਿਉਂਕਿ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤੇ ਹਨ। ਗਿੱਦੜਬਾਹਾ ਸੀਟ ਇਸ ਸਮੇਂ ਕਾਂਗਰਸ ਦੇ ਕੋਲ ਸੀ। ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਲੋਕ ਸਭਾ ਸੀਟ ਤੋਂ ਚੋਣ ਜਿੱਤੀ, ਇਸ ਲਈ ਡੇਰਾ ਬਾਬਾ ਨਾਨਕ ਸੀਟ ਨੂੰ ਵੀ ਖ਼ਾਲੀ ਐਲਾਨ ਦਿੱਤਾ ਜਾਵੇਗਾ। ਉਥੇ ਹੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੱਬੇਵਾਲ ਵਿਧਾਨ ਸਭਾ ਸੀਟ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਚੋਣ ਜਿੱਤ ਗਏ। ਅਜਿਹੀ ਹਾਲਤ ਵਿਚ ਚੱਬੇਵਾਲ ਵਿਧਾਨ ਸਭਾ ਸੀਟ ਉਤੇ ਵੀ ਚੋਣ ਕਮਿਸ਼ਨ ਨੂੰ ਉਪ-ਚੋਣ ਕਰਵਾਉਣੀ ਪਵੇਗੀ। ਇਸੇ ਤਰ੍ਹਾਂ ਬੰਗਾ ਤੋਂ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸਿੰਘ AAP ਵਿਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਦੇ ਵਿਧਾਇਕ ਵੱਲੋਂ ਆਪ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਸੂਬੇ ਵਿਚ ਇਕ ਹੋਰ ਵਿਧਾਨ ਸਭਾ ਸੀਟ ਖਾਲੀ ਹੋ ਜਾਵੇਗੀ। ਪੰਜਾਬ ਵਿਚ 5 ਵਿਧਾਨ ਸਭਾ ਸੀਟਾਂ ਉਤੇ ਜ਼ਿਮਨੀ ਚੋਣਾਂ ਸੂਬੇ ਦੀਆਂ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਹੋਣਗੀਆਂ।