
ਚੰਡੀਗੜ੍ਹ, 08 ਮਾਰਚ 2025 : ਪੰਜਾਬ ਸਰਕਾਰ ਨੇ ਅਗਲੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ, ਹੋਲੀ ਦਾ ਤਿਉਹਾਰ 14 ਮਾਰਚ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸੂਬੇ ਭਰ ਵਿੱਚ ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 8 ਮਾਰਚ ਯਾਨੀ ਅੱਜ ਦੇ ਦਿਨ ਨੂੰ ਸੂਬੇ ਵਿੱਚ ਰਾਖਵੀਂ ਛੁੱਟੀ ਐਲਾਨੀ ਹੋਈ ਹੈ। ਦਰਅਸਲ, 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਰਾਖਵੀਆਂ ਛੁੱਟੀਆਂ ਦੀ ਸੂਚੀ ਵਿੱਚ ਇਹ ਛੁੱਟੀ ਵੀ ਸ਼ਾਮਲ ਹੈ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਮੁਲਾਜ਼ਮ ਸਾਲ ਵਿੱਚ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਹਾਲਾਂਕਿ, ਇੱਥੇ ਸਪੱਸ਼ਟ ਕਰੀਏ ਕਿ 8 ਮਾਰਚ ਰਾਜ ਵਿੱਚ ਗਜ਼ਟਿਡ ਛੁੱਟੀ ਨਹੀਂ ਹੈ, ਸਗੋਂ ਇੱਕ ਰਾਖਵੀਂ ਛੁੱਟੀ ਹੈ। ਇਸ ਕਾਰਨ ਸਕੂਲ, ਕਾਲਜ ਅਤੇ ਵਪਾਰਕ ਅਦਾਰੇ ਆਮ ਵਾਂਗ ਖੁੱਲ੍ਹਣਗੇ ਅਤੇ ਛੁੱਟੀਆਂ ਨਹੀਂ ਹੋਣਗੀਆਂ। ਇਸ ਤੋਂ ਪਹਿਲਾਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ 4 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਜਿਸ ਅਨੁਸਾਰ 4 ਮਾਰਚ 2025 ਨੂੰ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੇ ਸਬੰਧ ਵਿੱਚ ਸਥਾਨਕ ਛੁੱਟੀ ਸੀ। ਡੇਰਾ ਬਾਬਾ ਨਾਨਕ ਉਪ ਮੰਡਲ ਦੇ ਸਾਰੇ ਸਰਕਾਰੀ ਦਫ਼ਤਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਬੰਦ ਰਿਹਾ। ਇਸ ਦਿਨ ਸ਼੍ਰੀ ਚੋਲਾ ਸਾਹਿਬ ਦਾ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਦੂਰੋਂ-ਦੂਰੋਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ।