ਚੰਡੀਗੜ੍ਹ : ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਐਫਏਪੀ) ਵੱਲੋਂ ਦਿੱਤੇ ਜਾ ਰਹੇ ਨੈਸ਼ਨਲ ਪੁਰਸਕਾਰਾਂ ਦੇ ਦੂਜਾ ਪੜਾਅ ਦੇ ਸਮਾਪਤੀ ਸਮਾਰੋਹ ਦੇ ਮੌਕੇ ਬੋਲਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦੱਸਿਆ ਕਿ ਕਮਿਸ਼ਨ ਨੂੰ ਪੰਜਾਬ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ,ਜਿਨਾਂ ਵਿੱਚ ਐਸ.ਸੀ ਰਾਖਵਾਂਕਰਣ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ।ਜਿਵੇਂ ਕਿ ਅਟਾਰਨੀ ਜਨਰਲ ਦਫਤਰ ਵਿੱਚ ਲਾਅ ਅਫਸਰਾਂ ਦੀ ਭਰਤੀ ਵਿੱਚ ਰਾਖਵੇਂਕਰਨ ਕੋਟੇ ਦੀ ਪਾਲਣਾ ਨਾ ਕਰਨਾ,ਪੋਸ਼ਟ-ਮੈਟ੍ਰਿਕ ਸਕਾਲਰਸ਼ਿਪ ਲਈ ਬਕਾਏ ਦਾ ਭੁਗਤਾਨ ਨਾ ਕਰਨਾ। ਪੰਜਾਬ ਸਰਕਾਰ ਵੱਲੋਂ ਨੌ ਹਜਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਨਿਯਮਾਂ ਵਿੱਚ ਐਸ.ਸੀ ਰਾਖਵਾਂਕਰਣ ਨੂੰ ਅਣਦੇਖਿਆ ਕਰਨਾ,ਅਤੇ ਨੌਕਰੀਆਂ ਵਿੱਚ ਕਰਮਚਾਰੀਆਂ ਦੀ ਤਰੱਕੀ ‘ਚ ਐਸ.ਸੀ ਰਾਖਵੇਂਕਰਨ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸ਼ਟ-ਮੈਟ੍ਰਿਕ ਸਕਾਲਸ਼ਿਪ ਸਕੀਮ ਤਹਿਤ ਬਕਾਇਆ ਰਾਸ਼ੀ ਜਾਰੀ ਕਰਨ ਵਿੱਚ ਪੰਜਾਬ ਸਰਕਾਰ ਦੀ ਅਸਫਲਤਾ ਦੇ ਮੁੱਦੇ ‘ਤੇ ਬੋਲਦਿਆਂ ਐਨਸੀਐਸਸੀ ਦੇ ਚੇਅਰਮੈਨ ਨੇ ਕਿਹਾ ਕਿ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ 'ਤੇ ਅਦਾਲਤ ਵਿੱਚ ਦਾਇਰ ਜਵਾਬ ਤੋਂ ਸੰਤੁਸ਼ਟ ਨਹੀਂ ਸੀ, ਇਸ ਲਈ ਕਮਿਸ਼ਨ ਨੇ ‘ਕੈਗ’ ਜਾਂ ਹਾਈ ਕੋਰਟ ਦੇ ਜੱਜਾਂ ਦੇ ਇੱਕ ਪੈਨਲ ਤੋਂ ਜਾਂਚ ਜਾਂ ਆਡਿਟ ਕਰਵਾਉਣ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਸਾਨੂੰ ਸਰਕਾਰ ਵੱਲੋਂ ਜੱਜਾਂ ਦੇ ਨਾਵਾਂ ਦੀ ਸੂਚੀ ਨਹੀਂ ਮਿਲੀ ਹੈ। ਉਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਅਨੁਸ਼ੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ ਅਤੇ ਨਤੀਜੇ ਵੱਜੋਂ ਉਨ੍ਹਾਂ ਦਾ ਸਕੂਲਾਂ ਵਿੱਚ ਦਾਖਲਾ ਨਹੀਂ ਹੋ ਰਿਹਾ। ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਐਫਏਪੀ) ਵੱਲੋਂ ਦਿੱਤੇ ਜਾ ਰਹੇ ਨੈਸ਼ਨਲ ਐਵਾਰਡਾਂ ਦਾ ਦੂਜਾ ਪੜਾਅ ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅਮਿਟ ਯਾਦਾਂ ਛੱਡਕੇ ਸਮਾਪਤ ਹੋ ਗਿਆ। ਵਰਨਣਯੋਗ ਹੈ ਕਿ ਪਹਿਲੇ ਪੜਾਅ ਵਿੱਚ ਜਿੱਥੇ ਸਰਵੋਤਮ ਸਕੂਲ ਅਤੇ ਸਰਵੋਤਮ ਪ੍ਰਿੰਸੀਪਲ ਪੁਰਸਕਾਰ ਦਿੱਤੇ ਗਏ, ਉਥੇ ਦੂਜੇ ਪੜਾਅ ਵਿੱਚ ਸਰਵੋਤਮ ਅਧਿਆਪਕ ਪੁਰਸਕਾਰ ਅਤੇ ‘ਮਾਣ ਪੰਜਾਬ ਦਾ’ ਸ਼੍ਰੇਣੀ ਦੇ ਪੁਰਸਕਾਰ ਦਿੱਤੇ ਗਏ। ਸਮਾਪਤੀ ਸਮਾਰੋਹ ਵਿੱਚ ਸਰਵੋਤਮ ਅਧਿਆਪਕ ਪੁਰਸਕਾਰ ਵਿੱਚ ਤਿੰਨ ਸ਼੍ਰੇਣੀਆਂ ਵਿੱਚ 594 ਦੇ ਕਰੀਬ ਪੁਰਸਕਾਰ ਦਿੱਤੇ ਗਏ, ਜਦਕਿ 120 ਮੈਰੀਟੋਰੀਅਸ ਵਿਦਿਆਰਥੀਆਂ ਨੂੰ ‘ਮਾਣ ਪੰਜਾਬ ਦਾ’ ਤਹਿਤ ਵੀ ਸਨਮਾਨਿਤ ਕੀਤਾ ਗਿਆ। ‘ਐਫਏਪੀ’ ਨੈਸ਼ਨਲ ਪੁਰਸਕਾਰ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਸ਼ਰਟੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ.ਸਤਨਾਮ ਸਿੰਘ ਸੰਧੂ ਅਤੇ ‘ਐਫਏਪੀ’ ਦੇ ਪ੍ਰਧਾਨ ਜਗਜੀਤ ਸਿੰਘ ‘ਧੂਰੀ’ ਵੀ ਹਾਜ਼ਰ ਸਨ। ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਤਾਂ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਸਨਮਾਨ ਦਿੱਤੇ ਜਾਂਦੇ ਹਨ।ਪਿਛਲੇ ਸਮੇਂ ਵਿੱਚ ਅਜਿਹਾ ਕੁੱਝ ਦੇਖਣ ਨੂੰ ਨਹੀਂ ਮਿਲਿਆ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਈਵੇਟ ਅਧਿਆਪਕਾਂ ਦੀ ਹੌਂਸਲਾ ਅਫਜਾਈ ਕਰਨ ਲਈ ਉਨਾਂ ਨੂੰ ਵੱਡੇ ਪੱਧਰ ‘ਤੇ ਸਨਮਾਨ ਦੇ ਕੇ ਨਿਵਾਜਿਆ ਗਿਆ ਹੋਵੇ,ਉਨਾਂ ਇਸ ਲਈ ਫੈਡਰੇਸ਼ਨ ਨੂੰ ਮੁਬਾਰਕਬਾਦ ਦਿੱਤੀ।ਉਨਾਂ ਕਿਹਾ ਕਿ ਬੱਚੇ ਨੂੰ ਜਨਮ ਇੱਕ ਮਾਂ ਵੱਲੋਂ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਬੱਚੇ ਦੀ ਜਿੰਦਗੀ ਵਿੱਚ ਅਹਿਮ ਸਥਾਨ ਅਧਿਆਪਕ ਦਾ ਹੁੰਦਾ ਹੈ। ਸਮਾਜ ਵਿੱਚ ਵਿਚਰਨ ਦਾ ਢੰਗ-ਤਰੀਕਾ ਇੱਕ ਚੰਗਾ ਅਧਿਆਪਕ ਹੀ ਬੱਚੇ ਨੂੰ ਸਿਖਾਉਂਦਾ ਹੈ। ਸਕੂਲੀ ਸਿੱਖਿਆ ਤੋਂ ਲੈ ਕੇ ਆਪਣੀ ਜਿੰਦਗੀ ਦੇ ਪੱਚੀ-ਤੀਹ ਸਾਲ ਵਿਦਿਆਰਥੀ ਅਤੇ ਅਧਿਆਪਕ ਇੱਕ ਪਵਿੱਤਰ ਰਿਸ਼ਤਾ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਜਿੰਦਗੀ ਦਾ ਇੱਕ ਵੱਡਾ ਹਿੱਸਾ ਇਨਸਾਨ ਅਧਿਆਪਕ ਨਾਲ ਗੁਜਾਰਦਾ ਹੈ ਅਤੇ ਜਿਸ ਤਰਾਂ ਇੱਕ ਅਧਿਆਪਕ ਵਿਦਿਆਰਥੀ ਨੂੰ ਤਰਾਸ਼ ਕੇ ਉਸ ਨੂੰ ਘੜਦਾ ਹੈ ਉਸ ਦਾ ਅਸਰ ਸਾਰੀ ਜਿੰਦਗੀ ਉਸ ਵਿਦਿਆਰਥੀ ਉੱਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਪੰਜਾਬ ਦਾ ਨੌਜਵਾਨ ਵਿਸ਼ਵ ਪੱਧਰ ‘ਤੇ ਵੱਡੇ-ਵੱਡੇ ਦੇਸ਼ਾਂ ਦੀ ਰਾਜਨੀਤੀ ਵਿੱਚ, ਉਦਯੋਗਿਕ ਖੇਤਰ ਵਿੱਚ ਅਤੇ ਹੋਰ ਖੇਤਰਾਂ ਵਿੱਚ ਅਹਿਮ ਭੂਮਿਕਾਵਾਂ ਨਿਭਾ ਰਹਿਆ ਹੈ ਤਾਂ ਇਸ ਵਿੱਚ ਅਧਿਆਪਕਾਂ ਦਾ ਵੱਡਮੁਲਾਂ ਯੋਗਦਾਨ ਹੈ।ਉਨ੍ਹਾਂ ਕਿਹਾ ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਨਾਲ ਹੀ ਦੁਨੀਆਂ ਅੱਗੇ ਵੱਧ ਰਹੀ ਹੈ। ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋੲ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ.ਸਤਨਾਮ ਸਿੰਘ ਸੰਧੂ ਨੇ ਐਲਾਨ ਕੀਤਾ ਕਿ 120 ਮੈਰੀਟੋਰੀਅਸ ਵਿਦਿਆਰਥੀਆਂ ਜਿਨਾਂ ਨੂੰ ਅੱਜ ‘ਮਾਣ ਪੰਜਾਬ ਦਾ’ ਪੁਰਸਕਾਰ ਦਿੱਤਾ ਗਿਆ ਸੀ ਨੂੰ ਯੂਨੀਵਰਸਿਟੀ ਸੌ ਪ੍ਰਤੀਸ਼ਤ ਸਕਾਲਰਸ਼ਿਪ ਪ੍ਰਦਾਨ ਕਰੇਗੀ, ਤਾਂ ਜੋ ਉਹ ਜਦ ਤੱਕ ਚਾਹੁਣ ਪੜ੍ਹ ਸਕਣ,ਨਾਲ ਹੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਜੋ ਯੂਨੀਵਰਸਿਟੀ ਵਿੱਚ ਪੀ.ਐਚ.ਡੀ ਕਰਨਾ ਚਾਹੁੰਦੇ ਹਨ ਨਾਲ ਵੀ ਉਹ ਸਹਿਯੋਗ ਕਰਨਗੇ ਤਾਂ ਜੋ ਦੇਸ਼ ਵਿੱਚ ਇੱਕ ਮਿਆਰੀ ਸਿੱਖਿਆ ਪ੍ਰਣਾਲੀ ਦਾ ਵਿਕਾਸ ਹੋ ਸਕੇ।