ਚੰਡੀਗੜ੍ਹ, 23 ਮਾਰਚ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਨੇਡਾ ਸਰਕਾਰ ਵੱਲੋ 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਰੋਕਣ ਲਈ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਲਿਖੇ ਮੰਗ ਪੱਤਰ ਵਿਚ ਉਹਨਾਂ ਕਿਹਾ ਕਿ ਇਹਨਾਂ 700 ਪੰਜਾਬੀ ਵਿਦਿਆਰਥੀਆਂ ਨੇ ਲੱਖਾਂ ਰੁਪੈ ਫੀਸ ਦੇ ਰੂਪ ਵਿਚ ਕੈਨੇਡਾ ਸਰਕਾਰ ਨੂੰ ਦਿੱਤੇ ਹਨ ਉਹਨਾਂ ਦਾ ਕੋਈ ਕਸੂਰ ਨਹੀ ਹੈ। ਉਹਨਾਂ ਨਾਲ ਤਾਂ ਧੋਖਾ ਟਰੈਵਲ ਏਜੰਟਾਂ ਵੱਲੋਂ ਕੀਤਾ ਗਿਆ ਹੈ। ਇਸ ਲਈ ਕਾਰਵਾਈ ਵੀ ਟਰੈਵਲ ਏਜੰਟਾਂ ਵਿਰੁੱਧ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਉਹਨਾਂ 700 ਬੇਕਸੂਰ ਵਿਦਿਆਰਥੀਆਂ ਵਿਰੁੱਧ, ਜਿਹੜੇ ਆਪਣਾ ਭੱਵਿਖ ਬਣਾਉਣ ਲਈ ਉੱਥੇ ਗਏ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਇੰਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਕਰਜ਼ੇ ਚੁੱਕ ਕੇ ਫੀਸਾਂ ਭਰੀਆਂ ਹਨ, ਤੇ ਅਜਿਹੇ ਹਲਾਤਾਂ ਵਿੱਚ ਅਜਿਹੀ ਖਬਰ ਉਹਨਾਂ ਲਈ ਬਹੁਤ ਹੀ ਦੁੱਖਦਾਇਕ ਹੈ। ਉਹਨਾਂ ਵਿਦੇਸ਼ੀ ਮੰਤਰੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਦਿਆ ਕੈਨੇਡਾ ਸਰਕਾਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਤਾਂ ਜੋ ਇੰਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਸਦ ਵਿਚ ਵੀ ਚੁੱਕਣਗੇ। ਵਿਦੇਸ਼ ਮੰਤਰੀ ਨੂੰ ਲਿਖੇ ਇਕ ਹੋਰ ਪੱਤਰ ਵਿਚ ਸੰਤ ਸੀਚੇਵਾਲ ਵੱਲੋ ਮਸਕਟ ਵਿਚ ਫਸੀ ਇੱਕ ਪੀੜਤ ਔਰਤ ਨੂੰ ਵਾਪਿਸ ਪੰਜਾਬ ਨਾ ਭੇਜਣ ਦਾ ਮਾਮਲਾ ਉਠਾਇਆ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੀੜਤ ਪਰਿਵਾਰ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ। ਉਹਨਾਂ ਪੱਤਰ ਵਿਚ ਕਿਹਾ ਕਿ ਮਸਕਟ ਵਿਖੇ ਭਾਰਤੀ ਦੂਤਾਵਾਸ ਦੇ ਕਹਿਣ ਤੇ ਹੀ ਉਹਨਾਂ ਵੱਲੋਂ ਸਵਰਨਜੀਤ ਕੌਰ ਨਾਮ ਦੀ ਔਰਤ ਦੀ ਟਿਕਟ ਬਣਾ ਕੇ ਭੇਜੀ ਗਈ ਸੀ ਤਾਂ ਕਿ ਉਹ ਜਲਦ ਤੋਂ ਜਲਦ ਵਾਪਿਸ ਆਪਣੇ ਪਰਿਵਾਰ ਕੋਲ ਪਹੁੰਚ ਸਕੇ।
ਪਰ ਭਾਰਤੀ ਦੂਤਾਵਾਸ ਦੀ ਲਾਪਰਵਾਹੀ ਕਾਰਨ ਪੀੜਤ ਔਰਤ ਪੰਜਾਬ ਨਾ ਆ ਸਕੀ ਤੇ ਟਿਕਟ ਵੀ ਅਜਾਈ ਹੀ ਗਈ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਉਹ ਪੀੜਤ ਔਰਤ ਨੂੰ ਵਾਪਸ ਨਾ ਭੇਜਣ ਦੇ ਮਾਮਲੇ ਦੀ ਪੜਤਾਲ ਕਰਨ ਅਤੇ ਜਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਪੀੜਤ ਔਰਤ ਨੂੰ ਜਲਦ ਤੋਂ ਜਲਦ ਵਾਪਿਸ ਭਾਰਤ ਲਿਆਇਆ ਜਾਵੇ।