ਚੰਡੀਗੜ੍ਹ : ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸ਼ੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਦੇ ਨਵੇਂ ਆਏ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਦਾ ਸਵਾਗਤ ਕਰਦਿਆ ਉਨ੍ਹਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਸਦਨ ਦੇ ਪਟਲ ‘ਤੇ ਦਿੱਤੇ ਜਾਣ ਵਾਲੇ ਦਸਤਾਵੇਜ ਪੰਜਾਬੀ ਵਿੱਚ ਮੁਹੱਈਆ ਕਰਵਾਏ ਗਏ। ਸਦਨ ਵਿੱਚ ਮੈਂਬਰਾਂ ਨੂੰ ਹਮੇਸ਼ਾਂ ਹਿੰਦੀ ਤੇ ਅੰਗਰੇਜ਼ੀ ਵਿੱਚ ਹੀ ਦਸਤਾਵੇਜ ਦਿੱਤੇ ਜਾਂਦੇ ਸਨ। ਇਸ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸ਼ੈਸ਼ਨ ਦੌਰਾਨ ਵੀ ਪੰਜਾਬੀ ਦੇ ਮੁੱਦੇ ਨੂੰ ਉਠਾਦਿਆ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਵਿੱਚ ਦਸਤਾਵੇਜ ਦਿੱਤੇ ਜਾਣ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਪੰਜਾਬੀ ਮਾਂ ਬੋਲੀ ਵਿੱਚ ਦਸਤਾਵੇਜ ਦਿੱਤੇ ਜਾਣ ‘ਤੇ ਇਸ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਇੰਨ੍ਹਾਂ ਦੋਵੇਂ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਤਰਜ਼ਮਾਨੀ ਕਰਨ ਲਈ ਰਾਜ ਸਭਾ ਵਿੱਚ ਭੇਜਿਆ ਹੈ। ਉਹ ਯਤਨ ਕਰ ਰਹੇ ਹਨ ਕਿ ਪੰਜਾਬ ਦੇ ਮਸਲਿਆਂ ਨੂੰ ਰਾਜ ਸਭਾ ਵਿੱਚ ਰੱਖਿਆ ਜਾਵੇ। ਸੰਤ ਸੀਚੇਵਾਲ ਨੇ ਸਦਨ ਵਿੱਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਆਪਣੀ ਵਿਦਾਇਗੀ ਸਮੇਂ ਕਿਹਾ ਸੀ ਕਿ ਇੱਕ ਸੰਸਦ ਮੈਂਬਰ ਖੜਾ ਹੋ ਕੇ ਆਪਣੀ ਮਾਤ ਭਾਸ਼ਾ ਵਿੱਚ ਦਸਤਾਵੇਜ ਕਿਉਂ ਮੰਗੇ ਉਸ ਨੂੰ ਤਾਂ ਪਹਿਲਾਂ ਹੀ ਮਹੁੱਈਆ ਕਰਵਾਏ ਜਾਣੇ ਚਾਹੀਦੇ ਹਨ। ਵੈਂਕਈਆ ਨਾਇਡੂ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਬੜੇ ਯਤਨਸ਼ੀਲ ਰਹੇ ਸਨ। ਸੰਤ ਸੀਚੇਵਾਲ ਨੇ ਰਾਜ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਜਿੰਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਮੁੱਦੇ ‘ਤੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਪਹਿਲੀ ਮੁਲਾਕਾਤ ਦੌਰਾਨ ਜਿਸ ਢੰਗ ਨਾਲ ਗੱਲ ਸੁਣੀ ਉਸ ਨਾਲ ਹੀ ਅੱਧਾ ਦੱੁਖ ਕੱਟਿਆ ਗਿਆ ਸੀ।