ਚੰਡੀਗੜ੍ਹ, 01 ਮਾਰਚ : ਅਜਨਾਲਾ ਘਟਨਾ ਦੇ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਲਿਖਿਆ ਕਿ ਥਾਣੇ ਦੀ ਘੇਰਾਬੰਦੀ ਅਤੇ ਹਮਲਾ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਵਿਚ ਸ਼ਾਮਲ ਦੋਸ਼ੀ ਤੁਰੰਤ ਸਲਾਖ਼ਾਂ ਪਿੱਛੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਜੇਕਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਸੜਕਾਂ 'ਤੇ ਉਤਰਾਂਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਵਲੋਂ ਲਿਖੀ ਪਹਿਲੀ ਚਿੱਠੀ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਪਹਿਲਾਂ ਵੀ ਤੁਹਾਨੂੰ ਚਿੱਠੀ ਲਿਖ ਕੇ ਅਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੀ ਅਪੀਲ ਕਰ ਚੁੱਕਿਆ ਹਾਂ। ਰਾਜਾ ਵੜਿੰਗ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਭੰਗ ਕਰਨ ਵਿਚ ਲੱਗਿਆ ਹੋਇਆ ਹੈ ਪਰ ਮੇਰੀ ਚਿੱਠੀ 'ਤੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਰਾਜਾ ਵੜਿੰਗ ਨੇ ਲਿਖਿਆ ਕਿ ਅਜਨਾਲਾ ਵਿਖੇ ਥਾਣੇ ਦਾ ਘਿਰਾਓ ਕੀਤਾ ਗਿਆ ਅਤੇ ਉਸ ਸਖਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਉਪਰ ਕਿਡਨੈਪਿੰਗ ਦੇ ਇਲਜ਼ਾਮ ਲੱਗੇ ਸਨ। ਵੜਿੰਗ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪਹਿਲਾਂ ਕਦੇ ਵੀ ਨਹੀਂ ਦੇਖੀਆਂ ਅਤੇ ਨਾ ਹੀ ਸੁਣੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ ਵੀ ਪੁਲਿਸ ਦਾ ਮਨੋਬਲ ਇੰਨਾ ਨਹੀਂ ਡਿੱਗਿਆ ਸੀ ਜਿੰਨਾ ਹੁਣ ਡਿੱਗ ਚੁੱਕਿਆ ਹੈ। ਚਿੱਠੀ ਵਿਚ ਜ਼ਿਕਰ ਕਰਦਿਆਂ ਵੜਿੰਗ ਨੇ ਕਾਂਗਰਸ ਪਾਰਟੀ ਵਲੋਂ ਦਿਤੇ ਅਲਟੀਮੇਟਮ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਅਜਨਾਲਾ ਘਟਨਾ ਵਿਚ ਸ਼ਾਮਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਗੇ।