ਚੰਡੀਗੜ੍ਹ, 24 ਨਵੰਬਰ : ਪੰਜਾਬ 'ਚ ਅਗਲੇ ਚਾਰ ਦਿਨਾਂ 'ਚ ਮੌਸਮ 'ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਵਲੋਂ ਬੀਤੀ ਰਾਤ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਰਗਰਮ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 27 ਨਵੰਬਰ ਨੂੰ ਸੂਬੇ ਦੇ ਕੁੱਝ ਜ਼ਿਲ੍ਹਿਆਂ ਵਿਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਧੁੰਦ ਦਾ ਕਹਿਰ ਵੀ ਵਧੇਗਾ। ਫਿਲਹਾਲ ਪੰਜਾਬ 'ਚ ਸਵੇਰ ਦੇ ਸਮੇਂ ਕੁੱਝ ਥਾਵਾਂ 'ਤੇ ਧੁੰਦ ਪੈ ਰਹੀ ਹੈ ਪਰ ਬਾਰਸ਼ ਤੋਂ ਬਾਅਦ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਹੈ। ਪੰਜਾਬ ਕਈ ਕਈ ਦਿਨਾਂ ਤੋਂ ਮੀਂਹ ਨਹੀਂ ਪਿਆ ਹੈ, ਫਿਰ ਵੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ 3.2 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਜਦਕਿ ਵੱਧ ਤੋਂ ਵੱਧ ਤਾਪਮਾਨ ਵਿਚ ਪਿਛਲੇ ਤਿੰਨ ਦਿਨਾਂ ਵਿਚ 1.4 ਡਿਗਰੀ ਸੈਲਸੀਅਸ ਅਤੇ ਪਿਛਲੇ ਪੰਜ ਦਿਨਾਂ ਵਿਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਇਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦਾ ਪੱਧਰ ਵੀ ਹੇਠਾਂ ਜਾਵੇਗਾ। ਮੀਂਹ ਹਵਾ ਵਿਚ ਮੌਜੂਦ ਧੂੜ ਦੇ ਕਣਾਂ ਨੂੰ ਸਾਫ਼ ਕਰ ਦੇਵੇਗਾ। ਉਧਰ ਮੌਸਮ ਵਿਭਾਗ ਮੁਤਾਬਕ ਕੱਲ੍ਹ ਦੇ ਮੁਕਾਬਲੇ ਅੱਜ ਔਸਤ ਘੱਟੋ-ਘੱਟ ਤਾਪਮਾਨ ਵਿਚ 0.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਹਾਲਾਂਕਿ ਸੂਬੇ ਵਿਚ ਇਹ ਆਮ ਦੇ ਨੇੜੇ ਹੈ। ਸੂਬੇ ਵਿਚ ਸੱਭ ਤੋਂ ਘੱਟ ਘੱਟੋ-ਘੱਟ ਤਾਪਮਾਨ ਗੁਰਦਾਸਪੁਰ ਵਿਖੇ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।