ਚੰਡੀਗੜ੍ਹ, 1 ਅਪ੍ਰੈਲ : ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਸ਼ਿਤ ਪ੍ਰਦੇਸ਼ ਚੰਡਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਦੇ ਹੋਏ ਪੰਜਾਬ ਰਾਜ ਭਵਨ ਵਿਖੇ ਉੜੀਸਾ ਰਾਜ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਰਾਜਪਾਲ ਨੇ ਸਮਾਗਮ ਵਿਚ ਹਾਜ਼ਰ ਸਾਰੇ ਮਹਿਮਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹੋਰਨਾਂ ਰਾਜਾਂ ਦਾ ਸਥਾਪਨਾ ਦਿਵਸ ਮਨਾਉਣ ਨਾਲ ਆਪਸੀ ਸਦਭਾਵਨਾ ਅਤੇ ਮੋਹ ਸਤਿਕਾਰ ਵਧਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਏਕਤਾ ਵਿੱਚ ਅਨੇਕਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉੜੀਸਾ ਦਾ ਸੱਭਿਆਚਾਰ ਬਹੁਤ ਅਮੀਰ ਹੈ। ਇਹ ਅਮੀਰ ਵਿਰਾਸਤ ਦਾ ਘਰ ਹੈ, ਇਥੇ ਇਤਿਹਾਸਕ ਸਮਾਰਕਾਂ ਦੇ ਨਾਲ ਸੱਭਿਆਚਾਰਕ ਵਿਰਾਸਤ, ਪੁਰਾਤੱਤਵ ਸਾਈਟਾਂ, ਰਵਾਇਤੀ ਕਲਾਵਾਂ, ਮੂਰਤੀ ਕਲਾ, ਨਿਰਤ ਅਤੇ ਸੰਗੀਤ ਵਰਗੀਆਂ ਅਮੀਰ ਵਿਰਾਸਤਾਂ ਮੋਜੂਦ ਹਨ। ਸਾਰੇ ਦੇਸ਼ ਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ ਹੈ, ਇਸ ਨਾਲ ਜੁੜਨਾ ਚਾਹੀਦਾ ਹੈ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਉੜੀਸਾ ਨਾਲ ਸਬੰਧਤ ਲੋਕ ਸੰਗੀਤ ਅਤੇ ਨਾਚਾਂ ਦੀ ਮਨਮੋਹਕ ਪੇਸ਼ਕਾਰੀ ਵੀ ਕੀਤੀ ਗਈ ਜਿਸ ਨੇ ਹਾਜ਼ਰ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਸੰਧੂ, ਸ੍ਰੀ ਸੱਤਿਆ ਪਾਲ ਜੈਨ, ਭਾਰਤ ਦੇ ਵਧੀਕ ਸਾਲਿਸਟਰ ਜਨਰਲ, ਸ੍ਰੀ ਕੇ. ਸਿਵਾ ਪ੍ਰਸਾਦ, ਵਧੀਕ ਮੁੱਖ ਸਕੱਤਰ ਰਾਜਪਾਲ, ਪੰਜਾਬ, ਸ੍ਰੀ ਰਾਜੀਵ ਵਰਮਾ, ਸਲਾਹਕਾਰ, ਯੂ.ਟੀ. ਪ੍ਰਸ਼ਾਸਕ ਅਤੇ ਉਨ੍ਹਾਂ ਦੀ ਧਰਮ ਪਤਨੀ, ਸ਼੍ਰੀ ਸੁਰਿੰਦਰ ਸਿੰਘ ਯਾਦਵ, ਡੀਜੀਪੀ (ਯੂਟੀ), ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਆਈ.ਏ.ਐਸ. ਅਧਿਕਾਰੀ, ਪਦਮਸ਼੍ਰੀ ਸ਼੍ਰੀ ਡੀ ਬਹੇਰਾ, ਚੇਅਰਮੈਨ, ਉਤਕਲ ਸੰਸਕ੍ਰਿਤੀ ਸੰਘ ਅਤੇ ਸੰਘ ਦੇ ਮੈਂਬਰ ਅਤੇ ਸ਼੍ਰੀਮਤੀ ਨੀਰੂ ਮਲਿਕ, ਪ੍ਰਿੰਸੀਪਲ ਦੇਵ ਸਮਾਜ ਕਾਲਜ ਸ਼ਾਮਲ ਹੋਏ। .