- ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਗ੍ਰਿਫਤਾਰ ਕੀਤਾ ਗਿਆ ਦੋਸ਼ੀ, ਚੰਡੀਗੜ੍ਹ, ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਸੂਖ਼ਦਾਰ ਲੋਕਾਂ ਨੂੰ ਫਿਰੌਤੀ ਲੈਣ ਲਈ ਕਰਦਾ ਸੀ ਕਾਲ: ਏ.ਆਈ.ਜੀ. ਅਸ਼ਵਨੀ ਕਪੂਰ
ਚੰਡੀਗੜ੍ਹ, 19 ਜੁਲਾਈ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਨੇ ਬੁੱਧਵਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ, ਜੋ ਮੋਹਾਲੀ, ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਰਮਾਏਦਾਰ ਵਿਅਕਤੀਆਂ ਨੂੰ ਧਮਕੀ ਭਰੀਆਂ ਕਾਲਾਂ ਕਰਕੇ ਫਿਰੌਤੀ ਦੀ ਮੰਗ ਕਰਦਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਸ਼ਮੀਰ ਸਿੰਘ ਉਰਫ਼ ਬੌਬੀ ਸ਼ੂਟਰ (24) ਵਜੋਂ ਹੋਈ ਹੈ, ਜੋ ਕਿ ਪਟਿਆਲਾ ਦੇ ਪਿੰਡ ਘੰਗਰੋਲੀ ਦਾ ਰਹਿਣ ਵਾਲਾ ਅਤੇ ਪੇਸ਼ੇ ਵਜੋਂ ਟੈਕਸੀ ਡਰਾਈਵਰ ਹੈ। ਪੁਲਿਸ ਟੀਮਾਂ ਨੇ ਉਕਤ ਕੋਲੋਂ ਦੋ ਜਿੰਦਾ ਕਾਰਤੂਸ ਸਮੇਤ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ। ਏ.ਆਈ.ਜੀ. ਐਸ.ਐਸ.ਓ.ਸੀ. ਐਸ.ਏ.ਐਸ ਮੋਹਾਲੀ ਅਸ਼ਵਨੀ ਕਪੂਰ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਧਮਕੀ ਭਰੀਆਂ ਫੋਨ ਕਾਲਾਂ ਸਬੰਧੀ ਕਈ ਰਿਪੋਰਟਾਂ ਤੋਂ ਬਾਅਦ, ਪੁਲਿਸ ਟੀਮਾਂ ਨੇ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ ਸੀ। ਉਨ੍ਹ੍ਹਾਂ ਕਿਹਾ ਕਿ ਐਡਵਾਂਸ ਇੰਟੈਲੀਜੈਂਸ ਇਕੱਤਰ ਕਰਕੇ ਪੁਲਿਸ ਨੇ ਬੌਬੀ ਨੂੰ ਜ਼ਿਲ੍ਹਾ ਖੰਨਾ ਤੋਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਏਆਈਜੀ ਕਪੂਰ ਨੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਚੰਡੀਗੜ੍ਹ, ਮੋਹਾਲੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਨਾਈਟ ਕਲੱਬਾਂ ਅਤੇ ਬਾਰਾਂ ਦੇ ਮਾਲਕਾਂ ਸਮੇਤ ਅਮੀਰ ਵਿਅਕਤੀਆਂ ਨੂੰ ਧਮਕਾ ਕੇ ਜ਼ਬਰਨ ਵਸੂਲੀ ਕਰਦਾ ਸੀ। ਜਿਕਰਯੋਗ ਹੈ ਕਿ ਥਾਣਾ ਐਸ.ਐਸ.ਓ.ਸੀ ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਐਫਆਈਆਰ ਨੰਬਰ 10 ਮਿਤੀ 24-06-2023 ਨੂੰ ਕੇਸ ਪਹਿਲਾਂ ਹੀ ਦਰਜ ਕੀਤਾ ਗਿਆ ਸੀ।