ਚੰਡੀਗੜ੍ਹ, 10 ਮਾਰਚ : ਪੰਜਾਬ ਸਰਕਾਰ ਦੇ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਇਹ ਇਕ ਅਗਾਂਹਵਧੂ ਬਜਟ ਹੈ, ਜਿਸ ਵਿਚ ਸਿੱਖਿਆ, ਹੁਨਰ ਵਿਕਾਸ, ਸਿਹਤ ਅਤੇ ਖੇਤੀਬਾੜੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਤਹਿਤ ਸਿੱਖਿਆ ਖੇਤਰ ਨੂੰ 17072 ਕਰੋੜ ਰੁਪਏ ਦੀ ਅਲਾਟਮੈਂਟ ਮਿਲੀ, ਜੋ ਪਿਛਲੇ ਸਾਲ ਨਾਲੋਂ 12 ਫੀਸਦੀ ਵੱਧ ਹੈ। ਵਿੱਤ ਮੰਤਰੀ ਵੱਲੋਂ ਨਵੀਂ ਖੇਡ ਨੀਤੀ ਦਾ ਐਲਾਨ ਵੀ ਸ਼ਲਾਘਾਯੋਗ ਕਦਮ ਹੈ। ਸਾਹਨੀ ਨੇ ਵੱਖ-ਵੱਖ ਖੇਤਰਾਂ ਵਿੱਚ ਵਧੇ ਹੋਏ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਲਈ ਰੁਜ਼ਗਾਰ ਸਿਰਜਣਾ ਅਤੇ ਹੁਨਰ ਵਿਕਾਸ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਕਾਰ ਨੇ ਇਸ ਲਈ 231 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜੋ ਪਿਛਲੇ ਸਾਲ ਨਾਲੋਂ 36 ਫੀਸਦੀ ਵੱਧ ਹੈ। ਉਹ ਨਿੱਜੀ ਤੌਰ 'ਤੇ ਸਰਕਾਰ ਨਾਲ ਇਸ 'ਤੇ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਾਲ 'ਚ 20 ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨਗੇ, ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਹੁਨਰ ਵਿਕਾਸ ਪ੍ਰੋਗਰਾਮ ਮੁਹੱਈਆ ਕਰਵਾਉਣਗੇ। ਸਾਹਨੀ ਨੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਸੂਬਾ ਪੂਰੇ ਦੇਸ਼ ਲਈ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਅਤੇ ਇਸ ਲਈ 20% ਦੇ ਸਾਲਾਨਾ ਵਾਧੇ ਨਾਲ 13,888 ਕਰੋੜ ਰੁਪਏ ਦੀ ਵੰਡ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਵਿੱਚ ਫਸਲੀ ਵਿਭਿੰਨਤਾ ਲਈ ਪ੍ਰੋਗਰਾਮ ਅਤੇ ਪ੍ਰੋਤਸਾਹਨ, ਕਿਸਾਨਾਂ ਨੂੰ ਮੁਫਤ ਬਿਜਲੀ, ਫਸਲ ਬੀਮਾ, ਬਾਗਬਾਨੀ ਆਦਿ ਸ਼ਾਮਲ ਹਨ। ਪਰਾਲੀ ਸਾੜਨ ਨੂੰ ਰੋਕਣ ਲਈ 350 ਕਰੋੜ ਰੁਪਏ ਦੀ ਵਿਸ਼ੇਸ਼ ਵੰਡ ਇੱਕ ਉਸਾਰੂ ਕਦਮ ਹੈ। ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਲਈ 4781 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਪਿਛਲੇ ਸਾਲ ਨਾਲੋਂ 11% ਵੱਧ ਹਨ। ਆਮ ਆਦਮੀ ਕਲੀਨਿਕ ਸਰਕਾਰ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਦਿਸ਼ਾ ਵਿੱਚ, ਸੂਬੇ ਵਿੱਚ ਪਹਿਲਾਂ ਹੀ 504 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ ਅਤੇ ਹੁਣ ਤੱਕ 10.50 ਲੱਖ ਤੋਂ ਵੱਧ ਮਰੀਜ਼ਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕਰ ਚੁੱਕੇ ਹਨ।