ਚੰਡੀਗੜ, 25 ਅਕਤੂਬਰ : ਪੰਜਾਬ ਸਰਕਾਰ ਨੇ ਸੂਬੇ ਵਿੱਚ 'ਸੰਪੂਰਨ ਉਦਯੋਗਿਕ ਵਿਕਾਸ ਅਤੇ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 26 ਸੈਕਟਰਾਂ ਵਿੱਚ ਉਦਯੋਗ ਸਲਾਹਕਾਰ ਕਮਿਸ਼ਨ ਦਾ ਗਠਨ ਕੀਤਾ ਹੈ। ਹਰੇਕ ਉਦਯੋਗ ਸਲਾਹਕਾਰ ਕਮਿਸ਼ਨ ਦੀ ਅਗਵਾਈ ਸਬੰਧਤ ਉਦਯੋਗਿਕ ਖੇਤਰ ਦੇ ਇੱਕ ਨਾਮਵਰ ਵਿਅਕਤੀ ਦੁਆਰਾ ਕੀਤੀ ਜਾਵੇਗੀ ਜੋ ਇੱਕ ਕੈਬਨਿਟ ਮੰਤਰੀ ਦੇ ਬਰਾਬਰ ਦਾ ਦਰਜਾ ਪ੍ਰਾਪਤ ਕਰੇਗਾ। ਇਸ ਨਾਲ ਕਾਰੋਬਾਰੀਆਂ ਨੂੰ ਲਾਭ ਮਿਲੇਗਾ ਅਤੇ ਜਿਨ੍ਹਾਂ ਕਾਰੋਬਾਰੀਆਂ ਨੂੰ ਸਰਕਾਰੀ ਦਫਤਰਾਂ ’ਚ ਕੰਮ ਕਰਵਾਉਣ ਸਮੇਂ ਦਿੱਕਤਾਂ ਆਉਂਦੀਆਂ ਸਨ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਆਸਾਨੀ ਨਾਲ ਹੱਲ ਹੋਵੇਗਾ। ਉਥੇ ਹੀ ਕਾਰੋਬਾਰੀਆਂ ਦਾ ਇਹ ਕਮਿਸ਼ਨ ਆਪਣੀਆਂ ਸਮੱਸਿਆ ਜਾਂ ਸੁਝਾਅ ਸਰਕਾਰ ਤੱਕ ਵੀ ਅਸਾਨੀ ਨਾਲ ਪਹੁੰਚਾ ਸਕੇਗਾ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਭਗਵੰਤ ਮਾਨ ਸਰਕਾਰ ਵੱਲੋਂ ਗਠਿਤ ਕੀਤੇ ਗਏ ਇਸ ਕਮਿਸ਼ਨ ਨੂੰ ਲੈ ਕੇ ਪੰਜਾਬ ਦੇ ਸਮੂਹ ਕਾਰੋਬਾਰੀਆਂ ਵਿਚ ਕਾਫ਼ੀ ਖੁਸ਼ੀ ਪਾਈ ਜਾ ਰਹੀ ਹੈ। ਧਿਆਨ ਰਹੇ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਕਾਰੋਬਾਰੀਆਂ ਲਈ ਵਧੀਆ ਮਾਹੌਲ ਸਿਰਜਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਰੁਜ਼ਗਾਰ ਨਾਲ ਜੁੜਿਆ ਹੋਇਆ ਮਸਲਾ ਵੀ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।