ਚੰਡੀਗੜ੍ਹ, 29 ਅਕਤੂਬਰ : ਬੀਤੇ ਕਾਫੀ ਸਮੇਂ ਤੋ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਖਹਿਬਾਜ਼ੀ ਚਲ ਰਹੀ ਹੈ। ਇਸੇ ਲੜੀ ਵਿਚ ਹੀ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਬਿਲਾਂ ਉਤੇ ਦਸਤਖ਼ਤ ਕਰਨ ਤੋ ਨਾਹ ਕਰ ਦਿੱਤੀ ਸੀ। ਇਸੇ ਮਾਮਲੇ ਵਿਚ ਹੁਣ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ। ਇਹ ਦੂਜੀ ਵਾਰ ਹੈ ਜਦੋਂ ਪੰਜਾਬ ਸਰਕਾਰ ਨੇ ਰਾਜਪਾਲ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਰਾਜਪਾਲ ਪੁਰੋਹਿਤ ਆਹਮੋ-ਸਾਹਮਣੇ ਹਨ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ 'ਚ ਭਲਕੇ ਯਾਨੀ ਸੋਮਵਾਰ ਨੂੰ ਹੋ ਸਕਦੀ ਹੈ। ਨਵੰਬਰ ਦੇ ਪਹਿਲੇ ਹਫ਼ਤੇ ਵਿਧਾਨ ਸਭਾ ਦੀ ਬੈਠਕ ਇੱਕ ਵਾਰ ਫਿਰ ਹੋਵੇਗੀ। ਸੀਐਮ ਮਾਨ ਨੇ ਕਿਹਾ- ਸਾਨੂੰ ਇਸ ਮੁੱਦੇ 'ਤੇ ਸਪੱਸ਼ਟਤਾ ਦੀ ਲੋੜ ਹੈ। ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਇੱਕ ਵੱਡਾ ਸੈਸ਼ਨ ਬੁਲਾਵਾਂਗੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਹਾਲ ਹੀ 'ਚ ਐੱਸਵਾਈਐੱਲ ਮੁੱਦੇ 'ਤੇ ਬੁਲਾਏ ਗਏ ਵਿਸ਼ੇਸ਼ ਸੈਸ਼ਨ 'ਚ ਦੋਵਾਂ ਵਿਚਾਲੇ ਤਣਾਅ ਕਾਰਨ ਪੰਜਾਬ 'ਚ ਬਣੇ ਮਾਹੌਲ 'ਤੇ ਚਰਚਾ ਕੀਤੀ ਗਈ। ਸਦਨ ਵਿੱਚ ਕੋਈ ਵੀ ਬਿੱਲ ਪਾਸ ਕੀਤੇ ਬਿਨਾਂ ਸੈਸ਼ਨ ਇੱਕ ਦਿਨ ਵਿੱਚ ਸਮਾਪਤ ਹੋ ਗਿਆ।
ਰਾਜਪਾਲ ਪਏ ਨਰਮ, ਕਿਹਾ ਬਿਲਾਂ ਬਾਰੇ ਕਰਾਂਗੇ ਵਿਚਾਰ, ਮੁੱਖ ਮੰਤਰੀ ਨੂੰ ਲਿਖਿਆ
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਭਰੋਸਾ ਦਿਵਾਇਆ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਦੇ ਆਧਾਰ 'ਤੇ ਬਿੱਲਾਂ ਦੀ ਮੁੜ ਪੜਤਾਲ ਕਰਨਗੇ। ਪੱਤਰ ਵਿਚ ਰਾਜਪਾਲ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਹਰੇਕ ਬਿੱਲ 'ਤੇ ਵੱਖਰੇ ਤੌਰ 'ਤੇ ਆਪਣਾ ਫੈਸਲਾ ਦੱਸਣਗੇ।