- ਮੱਛੀ ਪਾਲਣ ਵਿੱਚ ਰੁਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਦੇ ਮੱਦੇਨਜ਼ਰ ਕਿਸਾਨਾਂ ਤੇ ਨੌਜਵਾਨਾਂ ਨੂੰ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਮਦਨ ਵਧਾਉਣ ਦੀ ਅਪੀਲ
ਚੰਡੀਗੜ੍ਹ, 29 ਜਨਵਰੀ : ਸੂਬੇ ਵਿੱਚ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵੱਖੋ-ਵੱਖ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਪੋਸਟਰ ਪੰਜਾਬ ਦੇ ਮੱਛੀ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਇੱਥੇ ਜਾਰੀ ਕੀਤਾ ਗਿਆ। ਪੀ.ਐਮ.ਐਮ.ਐਸ. ਯੋਜਨਾ ਦਾ ਪੋਸਟਰ ਜਾਰੀ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੱਛੀ ਪਾਲਣ ਦੇ ਕਿੱਤੇ ਦਾ ਤੇਜ਼ੀ ਨਾਲ ਵਿਕਾਸ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਸਕੀਮ ਨੂੰ ਰਾਜ ਵਿੱਚ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀ.ਐਮ.ਐਮ.ਐਸ. ਯੋਜਨਾ ਵਿੱਚ ਮੱਛੀ ਪਾਲਣ ਲਈ ਹਰ ਤਰ੍ਹਾਂ ਦੇ ਪ੍ਰਾਜੈਕਟ ਮੌਜੂਦ ਹਨ, ਜਿਨ੍ਹਾਂ ਨੂੰ ਅਪਣਾਉਣ ਵਾਲੇ ਲਾਭਪਾਤਰੀਆਂ ਨੂੰ 40 ਤੋਂ 60 ਫ਼ੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸਕੀਮ ਅਧੀਨ ਸੂਬੇ ਵਿੱਚ ਪਹਿਲੀ ਵਾਰ ਮੱਛੀ ਅਤੇ ਮੱਛੀ ਉਤਪਾਦਾਂ ਦੀ ਢੋਆ-ਢੁਆਈ ਲਈ 43 ਲਾਭਾਪਤਰੀਆਂ ਨੂੰ ਮੋਟਰਸਾਈਕਲ ਅਤੇ ਆਟੋ-ਰਿਕਸ਼ਾ ਖ਼ਰੀਦਣ ਲਈ ਸਬਸਿਡੀ ਪ੍ਰਦਾਨ ਕੀਤੀ ਗਈ। ਇਸ ਸਕੀਮ ਦੀ ਸਹਾਇਤਾ ਨਾਲ 120 ਹੈਕਟੇਅਰ ਨਵਾਂ ਰਕਬਾ ਝੀਂਗਾ ਪਾਲਣ ਅਧੀਨ ਲਿਆਂਦਾ ਗਿਆ ਹੈ, ਜਿਸ ਵਾਸਤੇ 107 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਸੂਬੇ ਵਿੱਚ ਲਘੂ ਮੱਛੀ ਫੀਡ ਮਿੱਲਾਂ ਸਥਾਪਿਤ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਜਲੰਧਰ, ਪਟਿਆਲਾ, ਐਸ.ਏ.ਐਸ.ਨਗਰ, ਫ਼ਰੀਦਕੋਟ ਅਤੇ ਗੁਰਦਾਸਪੁਰ ਵਿਖੇ ਪ੍ਰਾਈਵੇਟ ਸੈਕਟਰ ਵਿੱਚ ਕੁੱਲ 5 ਲਘੂ ਮੱਛੀ ਫੀਡ ਮਿੱਲਾਂ ਦੀ ਸਥਾਪਨਾ ਦਾ ਕੰਮ ਜਲਦ ਮੁਕੰਮਲ ਹੋ ਜਾਵੇਗਾ। ਇਸ ਸਕੀਮ ਦੀ ਸਹਾਇਤਾ ਨਾਲ ਰੀ-ਸਰਕੁਲੇਟਰੀ ਐਕੁਆਕਲਚਰ ਸਿਸਟਮ (ਆਰ.ਏ.ਐਸ) ਅਤੇ ਬਾਇਓ-ਫਲਾਕ ਕਲਚਰ ਸਿਸਟਮ ਵਰਗੀਆਂ ਮੱਛੀ ਪਾਲਣ ਦੀਆਂ ਨਵੀਨਤਮ ਤਕਨੀਕਾਂ ਦਾ ਵੀ ਪੰਜਾਬ ਵਿੱਚ ਵਿਕਾਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਸੀਮਤ ਥਾਂ ਅਤੇ ਪਾਣੀ ਦੀ ਵਰਤੋਂ ਕਰਕੇ ਵੱਧ ਤਾਦਾਦ ਵਿੱਚ ਮੱਛੀ ਦਾ ਉਤਪਾਦਨ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਰਾਜ ਵਿੱਚ ਚਾਰ ਆਰ.ਏ.ਐਸ. ਇਕਾਈਆਂ ਦੀ ਸਥਾਪਨਾ ਕਰਵਾਈ ਜਾ ਚੁੱਕੀ ਹੈ ਅਤੇ ਦੋ ਇਕਾਈਆਂ ਦੀ ਸਥਾਪਨਾ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ ਪੰਜ ਬਾਇਓ-ਫਲਾਕ ਇਕਾਈਆਂ ਦੀ ਸਥਾਪਨਾ ਵੀ ਕਰਵਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਤਕਨੀਕਾਂ ਦੇ ਪਸਾਰ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਏਗੀ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਵੱਲੋਂ ਇਨ੍ਹਾਂ ਨੂੰ ਅਪਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਮੱਛੀ ਪਾਲਣ ਅਤੇ ਇਸ ਨਾਲ ਜੁੜੇ ਕਿੱਤਿਆਂ ਦੇ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੱਛੀ ਅਤੇ ਝੀਂਗੇ ਦੀ ਪ੍ਰੋਸੈਸਿੰਗ ਦੇ ਖੇਤਰ ਵਿੱਚ ਅਜੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਕਿਉਂ ਜੋ ਇਸ ਖੇਤਰ ਦੇ ਵਿਕਾਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਇਹ ਸਕੀਮ ਮੱਛੀ ਦੇ ਮੰਡੀਕਰਨ ਨੂੰ ਸਾਫ਼-ਸੁਥਰਾ ਤੇ ਸੁਖਾਲਾ ਕਰਨ ਵਿੱਚ ਲਾਭਕਾਰੀ ਹੋਵੇਗੀ। ਵਿਭਾਗ ਵੱਲੋਂ ਇਸ ਸਕੀਮ ਅਧੀਨ ਮੱਛੀ ਅਤੇ ਇਸ ਦੇ ਉਤਪਾਦਾਂ ਦੀ ਸਾਫ਼-ਸੁਥਰੇ ਤਰੀਕੇ ਨਾਲ ਵੇਚ ਵਾਸਤੇ ਪ੍ਰਾਈਵੇਟ ਸੈਕਟਰ ਵਿੱਚ ਕਿਉਸਕ ਸਥਾਪਿਤ ਕਰਵਾਏ ਜਾਣਗੇ। ਸਜਾਵਟੀ ਮੱਛੀਆਂ ਦੇ ਕਿੱਤੇ ਨੂੰ ਵੀ ਪੰਜਾਬ ਵਿੱਚ ਵਿਕਸਿਤ ਕੀਤਾ ਜਾਵੇਗਾ। ਮੱਛੀ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੱਛੀ ਪਾਲਣ ਦੇ ਕਿੱਤੇ ਤਹਿਤ ਇਸ ਸਮੇਂ ਸੂਬੇ ਵਿੱਚ 43,690 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ। ਰਾਜ ਵਿੱਚ ਕੁਦਰਤੀ ਪਾਣੀਆਂ, ਪ੍ਰਾਈਵੇਟ ਤੇ ਪੰਚਾਇਤੀ ਛੱਪੜਾਂ ਵਿੱਚੋਂ ਇਸ ਸਮੇਂ ਕੁੱਲ 1,89,647 ਟਨ ਮੱਛੀ ਦਾ ਉਤਪਾਦਨ ਹੋ ਰਿਹਾ ਹੈ। ਮੱਛੀ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ 15 ਸਰਕਾਰੀ ਮੱਛੀ ਪੂੰਗ ਫ਼ਾਰਮਾਂ ਤੋਂ ਮਿਆਰੀ ਕਿਸਮ ਦਾ ਮੱਛੀ ਪੂੰਗ ਕਿਸਾਨਾਂ ਨੂੰ ਰਿਆਇਤੀ ਦਰਾਂ 'ਤੇ ਸਪਲਾਈ ਕੀਤਾ ਜਾ ਰਿਹਾ ਹੈ। ਮੱਛੀ ਪੂੰਗ ਦੀ ਪੈਦਾਵਾਰ ਨੂੰ ਵਧਾਉਣ ਵਾਸਤੇ ਇੱਕ ਹੋਰ ਨਵੇਂ ਸਰਕਾਰੀ ਮੱਛੀ ਪੂੰਗ ਫ਼ਾਰਮ ਦੀ ਸਥਾਪਨਾ ਪਿੰਡ ਕਿੱਲਿਆਂਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਉਸਾਰੀ ਅਧੀਨ ਹੈ, ਜੋ ਛੇਤੀ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਰਾਜ ਦੇ ਖਾਰੇ-ਪਾਣੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰੁਜ਼ਗਾਰ ਦੇ ਸਾਧਨ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਝੀਂਗਾ ਪਾਲਣ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਅਪਨਾਉਣ ਦੀ ਅਪੀਲ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਕੀਮ ਅਧੀਨ ਮੱਛੀ ਪਾਲਣ ਦੇ ਵਿਕਾਸ ਲਈ ਲੋੜੀਂਦਾ ਸਹਿਯੋਗ ਦੇਣ ਲਈ ਵਚਨਬੱਧ ਹੈ, ਇਸ ਲਈ ਕਿਸਾਨ ਅਤੇ ਨੌਜਵਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਪਣੀ ਆਮਦਨ ਵਧਾਉਣ। ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਬ੍ਰਿਜ ਭੂਸ਼ਨ ਗੋਇਲ, ਸ੍ਰੀਮਤੀ ਸਤਿੰਦਰ ਕੌਰ ਅਤੇ ਸ੍ਰੀ ਜਸਵਿੰਦਰ ਸਿੰਘ (ਦੋਵੇਂ ਸਹਾਇਕ ਡਾਇਰੈਕਟਰ) ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।