ਚੰਡੀਗੜ੍ਹ, 19 ਮਾਰਚ : ਚੰਡੀਗੜ੍ਹ ਦੇ ਕਿਸ਼ਨਗੜ੍ਹ ‘ਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ, ਜਿਸਦਾ ਪਰਦਾਫਾਸ਼ ਪੁਲਿਸ ਵੱਲੋਂ ਛਾਪੇਮਾਰੀ ਦੇ ਦੌਰਾਨ ਕੀਤਾ ਗਿਆ ਹੈ। ਚੰਡੀਗੜ੍ਹ ‘ਚ ਬਿਨਾਂ ਮਨਜ਼ੂਰੀ ਤੋਂ ਅਫੀਮ ਦੀ ਖੇਤੀ ਕਰਨੀ ਗੈਰ-ਕਾਨੂੰਨੀ ਹੈ ਪਰ ਇਸ ਦੇ ਬਾਵਜੂਦ ਇੱਥੇ ਅਫੀਮ ਦੀ ਖੇਤੀ ਹੋ ਰਹੀ ਸੀ। ਇਸ ਦੀ ਸੂਚਨਾ ਜ਼ਿਲਾ ਕ੍ਰਾਈਮ ਸੈੱਲ (ਡੀ. ਸੀ. ਸੀ.) ਨੂੰ ਮਿਲਦਿਆਂ ਹੀ ਡੀ.ਸੀ.ਸੀ. ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਦੀ ਅਗਵਾਈ ਵਾਲੀ ਟੀਮ ਨੇ ਕਿਸ਼ਨਗੜ੍ਹ ‘ਚ ਛਾਪਾ ਮਾਰਿਆ। ਦੇਰ ਰਾਤ ਛਾਪਾ ਮਾਰ ਕੇ ਉਥੋਂ ਅਫੀਮ ਦੇ 725 ਪੌਦੇ ਬਰਾਮਦ ਕੀਤੇ ਗਏ। ਡੀਸੀਸੀ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ 2 ਦੇ ਖ਼ਿਲਾਫ਼ ਧਾਰਾ 18 (ਸੀ) ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ, ਜਿਨ੍ਹਾਂ ਦੀ ਪਛਾਣ ਨਰਸਰੀ ਦੇ ਮਾਲਕ ਸਮੀਰ ਕਾਲੀਆ ਵਾਸੀ ਪੰਚਕੂਲਾ ਅਤੇ ਮਾਲੀ ਸੀਯਾਰਾਮ ਵਾਸੀ ਨਵਾਂ ਗਾਓਂ ਵਜੋਂ ਹੋਈ ਹੈ। ਡੀ.ਸੀ.ਸੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਚੌਕ ਨੇੜੇ ਸਥਿਤ ਬਲੂਮਿੰਗ ਡੇਲ ਨਰਸਰੀ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਡੀ.ਸੀ.ਸੀ ਦੀ ਟੀਮ ਨੇ ਸਭ ਤੋਂ ਪਹਿਲਾਂ ਸਿਵਲ ਡਰੈੱਸ ਵਿੱਚ ਉਥੇ ਜਾ ਕੇ ਦੇਖਿਆ ਕਿ ਅਫੀਮ ਦੇ ਬੂਟੇ ਲਗਾਏ ਹੋਏ ਸਨ ਅਤੇ ਉਨ੍ਹਾਂ ਉਪਰ ਲਾਲ ਡੋਡੇ ਅਤੇ ਫੁੱਲ ਖਿਲੇ ਹੋਏ ਸਨ। ਪੂਰੀ ਜਾਂਚ ਤੋਂ ਬਾਅਦ ਦੇਰ ਰਾਤ ਡੀ.ਸੀ.ਸੀ ਨੇ ਪੂਰੀ ਤਿਆਰੀ ਨਾਲ ਛਾਪਾ ਮਾਰ ਕੇ 725 ਅਫੀਮ ਦੇ ਬੂਟੇ ਬਰਾਮਦ ਕੀਤੇ।