ਚੰਡੀਗੜ੍ਹ, 27 ਫਰਵਰੀ : ਕਵੀ ਅਤੇ ਗੀਤਕਾਰ ਜਾਵੇਦ ਅਖਤਰ ਚਿਤਕਾਰਾ ਲਿਟਰੇਚਰ ਫੈਸਟ ਵਿਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਪਹੁੰਚੇ ਸਨ। ਇੱਥੇ ਉਹਨਾਂ ਦੇ ਸੈਸ਼ਨ ਦਾ ਥੀਮ ਸੀ- ਮੇਰਾ ਪੈਗ਼ਾਮ ਮੁਹੱਬਤ ਹੈ..। ਇੱਥੇ ਉਹਨਾਂ ਦੱਸਿਆ, “1964 ਵਿਚ ਜਦੋਂ ਮੈਂ ਨਵੀਂ ਮੁੰਬਈ ਪਹੁੰਚਿਆ ਤਾਂ ਰਹਿਣ ਲਈ ਕੋਈ ਥਾਂ ਨਹੀਂ ਸੀ। ਕੋਈ ਕੰਮ ਨਹੀਂ ਸੀ। ਫਿਰ ਇਕ ਪੰਜਾਬੀ ਦੋਸਤ ਮਿਲਿਆ-ਮੁਸ਼ਤਾਕ ਸਿੰਘ। ਉਹ ਨੌਕਰੀ ਦੇ ਨਾਲ-ਨਾਲ ਸੰਘਰਸ਼ ਵੀ ਕਰਦਾ ਸੀ। ਉਸ ਨੇ ਮੈਨੂੰ ਆਪਣੇ ਕੋਲ ਰੱਖਿਆ ਅਤੇ ਮੇਰਾ ਸਾਥ ਵੀ ਦਿੱਤਾ। ਫਿਰ ਉਹ ਗਲਾਸਗੋ ਚਲਾ ਗਿਆ। ਜਾਂਦੇ ਸਮੇਂ ਉਸ ਨੇ ਸ੍ਰੀ ਦਰਬਾਰ ਸਾਹਿਬ ਦਾ ਕੜਾ ਆਪਣੇ ਹੱਥੋਂ ਲਾਹ ਕੇ ਮੈਨੂੰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੈਂ ਇਸ ਨੂੰ ਨਹੀਂ ਉਤਾਰਿਆ। ਇਹ ਮੇਰੇ ਮਰਨ ਤੱਕ ਮੇਰੇ ਨਾਲ ਰਹੇਗਾ। ਇਹ ਉਸ ਦੋਸਤ ਦੀ ਯਾਦ ਵਾਂਗ ਹੈ”। ਦੇਸ਼ ਵਿਚ ਉਰਦੂ ਦੀ ਸਥਿਤੀ ਬਾਰੇ ਗੱਲ ਕਰਦਿਆਂ ਜਾਵੇਦ ਅਖਤਰ ਨੇ ਦੱਸਿਆ ਕਿ ਕਿਵੇਂ 20ਵੀਂ ਸਦੀ ਵਿਚ ਭਾਸ਼ਾ, ਵਾਰਤਕ, ਕਵਿਤਾ ਵਿਚ ਪੰਜਾਬ ਦਾ ਵੱਡਾ ਯੋਗਦਾਨ ਹੈ। “ਨਵੇਂ ਅਲੰਕਾਰ, ਨਜ਼ਮਾਂ, ਗ਼ਜ਼ਲ, ਇਹ ਸਭ ਇੱਥੋਂ ਸ਼ੁਰੂ ਹੋਇਆ ਅਤੇ ਪੰਜਾਬ ਨੇ ਉਰਦੂ ਲਈ ਬਹੁਤ ਕੁਝ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਉਰਦੂ ਪੰਜਾਬ ਦੀ ਜ਼ੁਬਾਨ ਹੈ, ਇਸ ਨੂੰ ਕਿਉਂ ਛੱਡਿਆ? ਭਾਸ਼ਾ ਧਰਮਾਂ ਦੀ ਨਹੀਂ, ਖੇਤਰਾਂ ਦੀ ਹੁੰਦੀ ਹੈ ਅਤੇ ਸਾਨੂੰ ਵੰਡ ਦੇ ਕੂੜ ਪ੍ਰਚਾਰ ਤੋਂ ਦੂਰ ਰਹਿਣਾ ਚਾਹੀਦਾ ਹੈ। ਧਰਮ ਸਾਡੀ ਭਾਸ਼ਾ ਉਧਾਰ ਲੈਂਦਾ ਹੈ ਅਤੇ ਰੱਬ ਤੁਹਾਡੀ ਭਾਸ਼ਾ ਵਿਚ ਤੁਹਾਡੇ ਨਾਲ ਗੱਲ ਕਰਦਾ ਹੈ। ਪੰਜਾਬ ਦੋਭਾਸ਼ੀ ਹੈ ਅਤੇ ਤੁਸੀਂ ਇਸ ਨੂੰ ਛੱਡ ਕੇ ਗਲਤੀ ਕੀਤੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਕਿਵੇਂ ਪੜ੍ਹਨਾ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਆਉਂਦੀ ਹੈ ”।