- ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਦਿਖਾਕੇ ਪੰਜਾਬ ਨੂੰ ਗੰਦਲਾ ਕਰਨ ਦੀ ਕੋਸਿ਼ਸ਼ : ਢੀਂਡਸਾ
ਚੰਡੀਗੜ੍ਹ, 21 ਮਾਰਚ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਾਣਬੁੱਝ ਕੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਵੀ ਕਸੂਰ ਸਾਹਮਣੇ ਆਉੰਦਾ ਹੈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਕਿਸੇ ਵੀ ਵਰਤਾਰੇ ਦੀ ਆੜ ਹੇਠ ਸਰਕਾਰ ਨੂੰ ਸੂਬੇ ਅੰਦਰ ਭੈਅ ਦਾ ਮਾਹੌਲ ਬਿਲਕੁਲ ਨਹੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿੱਖ ਵਿਰੋਧੀ ਕਾਂਗਰਸ ਸਰਕਾਰ ਦੇ ਰਾਹ `ਤੇ ਚੱਲ ਪਈ ਹੈ ਅਤੇ ਆਪਣੀਆਂ ਦਮਨਕਾਰੀਆਂ ਨੀਤੀਆਂ ਨਾਲ ਸਿੱਖਾਂ ਵਿਚ ਭੈਅ ਦਾ ਮਾਹੌਲ ਬਣਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਸ: ਢੀਂਡਸਾ ਨੇ ਕਿਹਾ ਕਿ ਪੰਜਾਬ ਪੁਲਿਸ ਕੋਲੇ ਸਾਂਤਮਈ ਢੰਗ ਨਾਲ ਕਾਰਵਾਈ ਕਰਨ ਦੇ ਕਈਂ ਤਰੀਕੇ ਸਨ ਪਰ ਪੁਲਿਸ ਨੇ ਜਾਣਬੁੱਝ ਕੇ ਜਿਸ ਢੰਗ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਉਸ ਨਾਲ ਸਮੁੱਚੇ ਪੰਜਾਬ ਵਿਚ ਬੇਹੱਦ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਹੈ। ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ `ਤੇ ਜਿੰਮੇਵਾਰ ਹਨ। ਇਸ ਤੋ ਇਲਾਵਾ ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਸੂਬੇ ਦੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਜਾਣਬੁੱਝ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਵਾਲੇ ਦਿਨ ਪੁਲਿਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਾਂਕਿ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਗੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਵਰਤਮਾਨ ਹਾਲਾਤ ਦੱਸ ਰਹੇ ਹਨ ਕਿ ਮਾਨ ਸਰਕਾਰ ਨੇ ਪੰਜਾਬ ਨੂੰ ਗੰਦਲਾ ਬਣਾਉਣ ਵਿਚ ਕੋਈ ਕਸਰ ਨਹੀ ਛੱਡੀ ਹੈ।