ਐਸ.ਏ.ਐਸ. ਨਗਰ, 6 ਫਰਵਰੀ : ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਰਾਜ ਸਰਕਾਰ ਨੇ ਨਰਸਾਂ ਅਤੇ ਆਯੁਰਵੇਦ ਪ੍ਰੈਕਟੀਸ਼ਨਰਾਂ ਨੂੰ ਕਈ ਪੇਂਡੂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਥਾਂ 'ਤੇ ਕੰਮ ਕਰਨ ਲਈ ਕਿਹਾ ਹੈ ਜੋ ਕਿ ਇਕ ਬਹੁਤ ਮੰਦਭਾਗੀ ਗੱਲ ਹੈ। ਸਿੱਧੂ ਨੇ ਸਵਾਲ ਪੁੱਛਿਆ ਹੈ ਕਿ ਪੇਂਡੂ ਖੇਤਰਾਂ ਦੇ ਲੋਕਾਂ ਦਾ ਚੰਗਾ ਇਲਾਜ਼ ਲੈਣ ਦਾ ਕੋਈ ਹਕ਼ ਹੈ ਜਾਂ ਨਹੀਂ। ਸਰਕਾਰ ਉਹਨਾਂ ਨਾਲ ਇੰਨਾ ਭੇਦਭਾਵ ਕਿਉਂ ਕਰ ਰਹੀ ਹੈ। ਸਿੱਧੂ ਨੇ ਅੱਗੇ ਕਿਹਾ ਕਿ ਇਹ ਸਰਕਾਰ ਆਪਣੀ ਦਿੱਖ ਸੁਧਾਰਣ ਲਈ ਕਿਸੀ ਵੀ ਹੱਦ ਤਕ ਜਾ ਸਕਦੀ ਹੈ ਅਤੇ ਹੁਣ ਸਿਰਫ਼ ਆਮ ਆਦਮੀ ਕਲੀਨਿਕਾਂ ਦੇ ਨੰਬਰ ਨੂੰ ਵਧਾਉਣ ਲਈ ਲੋਕਾਂ ਦੀ ਜਾਨਾਂ ਨਾਲ ਸਿੱਧਾ ਖਿਲਵਾੜ ਕਰ ਰਹੀ ਹੈ। ਸਿੱਧੂ ਨੇ ਕਿਹਾ ਕਿਸੀ ਵੀ ਮਾਡਲ ਨੂੰ ਸਿਰੇ ਚੜਾਉਣ ਲਈ ਫ਼ਿਸਿਬਿਲਿਟੀ ਚੈੱਕ ਕੀਤੀ ਜਾਂਦੀ ਹੈ ਜਿਸ ਨਾਲ ਉਸ ਮਾਡਲ ਨੂੰ ਕਾਮਯਾਬ ਬਣਾਇਆ ਜਾ ਸਕੇ। ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਕਮੀ ਦੇ ਬਾਵਜੂਦ ਭਗਵੰਤ ਮਾਨ ਨੇ ਸਿਰਫ਼ ਆਪਣੇ ਨੰਬਰ ਬਣਾਉਣ ਲਈ ਬਿਨਾਂ ਫ਼ਿਸਿਬਿਲਿਟੀ ਚੈੱਕ ਕੀਤੇ ਅਤੇ ਗਰਾਊਂਡ ਵਰਕਰਾਂ ਦੀ ਸਲਾਹ ਬਗੈਰ ਇਸ ਕੰਮ ਨੂੰ ਅੰਜਾਮ ਦਿਤਾ ਜੋ ਹੁਣ ਇਨ੍ਹਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਹਾਲ ਹੀ ਦੇ ਹੁਕਮਾਂ ਵਿੱਚ, ਸੀਨੀਅਰ ਮੈਡੀਕਲ ਅਫਸਰ, ਹੁਸ਼ਿਆਰਪੁਰ ਨੇ ਸਹਾਇਕ ਸਿਹਤ ਕੇਂਦਰਾਂ (ਐਸਐਸਸੀ) ਵਿੱਚ ਪੰਜ ਕਮਿਊਨਿਟੀ ਹੈਲਥ ਅਫਸਰ (ਸੀਐਚਓਐਸ) ਤੈਨਾਤ ਕੀਤੇ ਹਨ, ਜਿੱਥੇ ਐਮਬੀਬੀਐਸ ਡਾਕਟਰਾਂ ਦੀਆਂ ਅਸਾਮੀਆਂ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਹੋਣ ਤੋਂ ਬਾਅਦ ਖਾਲੀ ਹੋ ਗਈਆਂ ਸਨ। ਇੱਥੋਂ ਤੱਕ ਕਿ ਆਮ ਆਦਮੀ ਕਲੀਨਿਕਾਂ ਵਿੱਚ ਆਯੁਰਵੈਦਿਕ ਡਾਕਟਰ ਵੀ ਤੈਨਾਤ ਹਨ ਅਤੇ ਉਨ੍ਹਾਂ ਨੂੰ ਦਵਾਈ ਦੇਣ ਲਈ ਕਿਹਾ ਜਾ ਰਿਹਾ ਹੈ। ਨਰਸਾਂ ਲਈ ਦਵਾਈਆਂ ਦੇਣਾ ਅਤੇ ਉਸਤੇ ਕੋਈ ਸਲਾਹ ਦੇਣ ਦਾ ਕੋਈ ਏਖ਼ਤੀਆਰ ਨਹੀਂ ਹੈ। ਦਵਾਈ ਵੰਡਣ ਲਈ, ਇੱਕ ਰਜਿਸਟਰਡ ਫਾਰਮਾਸਿਸਟ ਹੋਣਾ ਲਾਜ਼ਮੀ ਹੈ। ਨਰਸਾਂ ਸਿਰਫ਼ ਡਾਕਟਰ ਵਲੋਂ ਦੱਸੀਆਂ ਦਵਾਈਆਂ ਦੇ ਸਕਦੀਆਂ ਹਨ। ਸਿੱਧੂ ਨੇ ਤੰਜ ਕਸਦਿਆਂ ਆਖਿਆ ਇਹ ਤੇ ਓਹ ਗੱਲ ਹੋਈ ਜਿਵੇਂ ਬਾਰਡਰ ਤੇ ਫੌਜ ਦੀ ਥਾਂ ਤੇ ਪੁਲੀਸ ਭੇਜ਼ ਦਿੱਤੀ ਜਾਵੇ। ਪੁਲੀਸ ਦਾ ਆਪਣਾ ਕੰਮ ਹੈ ਅਤੇ ਫੌਜ ਦਾ ਆਪਣਾ. ਉਦਾਂ ਹੀ ਨਰਸਾਂ ਦਾ ਆਪਣਾ ਕੰਮ ਹੈ ਅਤੇ ਡਾਕਟਰਾਂ ਦਾ ਆਪਣਾ। ਸਾਰੇ ਕੰਮਾਂ ਦੀ ਆਪਣੀ ਅਹਿਮੀਅਤ ਹੈ, ਅਤੇ ਇਹ ਗੱਲ ਸਰਕਾਰ ਨੂੰ ਸਮਝਣ ਦੀ ਲੋੜ ਹੈ। ਸਿੱਧੂ ਨੇ ਅੱਗੇ ਆਮ ਆਦਮੀ ਕਲੀਨਿਕ ਦੀ ਜਾਲਸਾਜ਼ੀ ਬੇਨਕਾਬ ਕਰਦਿਆਂ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ, ਜਿਹੜੀ ਸਰਕਾਰ ਸ਼ਹੀਦ ਭਗਤ ਸਿੰਘ ਜੀ ਦੇ ਰਸਤੇ ਤੇ ਚਲਣ ਦੇ ਵੱਡੇ ਦਾਅਵੇ ਕਰਦੀ ਹੈ ਉਹ ਆਪ ਹੀ ਹਰ ਪੱਖ ਤੋਂ ਗੁੰਮਰਾਹ ਹੁੰਦੀ ਦਿਖ ਰਹੀ ਹੈ। ਸ਼ਹੀਦਾਂ ਦੇ ਨਾਮ ਤੇ ਵੋਟ ਲੈਣ ਵਾਲੀ ਇਹ ਸਰਕਾਰ ਨੇ ਭਗਤ ਸਿੰਘ ਜੀ ਦੀ ਮਾਤਾ ਦੇ ਨਾਮ ਦੇ ਬਣੇ ਹਸਪਤਾਲ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਵਿੱਚ ਖ਼ਾਸੀ ਨਾਰਾਜ਼ਗੀ ਹੈ। ਆਪ ਪਾਰਟੀ ਨੇ ਸ਼ਹੀਦਾਂ ਦੇ ਮਾਤਾ ਜੀ ਦੇ ਨਾਮ ਨਾਲੋ ਆਪਣੇ ਨਾਮ ਨੂੰ ਪ੍ਰਚਾਰ ਲਈ ਵਰਤੋਂ ਕਰਨ ਨੂੰ ਵੱਧ ਤਵੱਜੋ ਦਿੱਤੀ, ਜੋਂ ਆਮ ਆਦਮੀ ਪਾਰਟੀ ਦੀ ਸ਼ੁਰੂ ਤੋਂ ਹੀ ਫਿਤਰਤ ਵਿੱਚ ਹੈ।