ਚੰਡੀਗੜ੍ਹ, 8 ਜੂਨ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਰਾਜ ਦੇ ਨੌਜਵਾਨਾਂ ਲਈ ਇਕ ਮਹੱਤਵਪੂਰਨ ਐਲਾਨ ਕਰਦੇ ਹੋਏ ਕਿਹਾ ਕਿ ਛੇਤੀ ਹੀ ਵੱਖ-ਵੱਖ ਸ਼੍ਰੇਣੀਆਂ ਵਿਚ 50,000 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਨੌਜਵਾਨਾਂ ਨੂੰ ਗਰੁੱਪ ਡੀ ਦੀ ਨੌਕਰੀਆਂ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਦਾ ਇਹ ਐਲਾਨ ਹਰਿਆਣਾ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਨੌਜਵਾਨ ਪੀੜ੍ਹੀ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ। ਨਾਇਬ ਸਿੰਘ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਦੇ ਨਵੇਂ ਚੇਅਰਮੈਨ ਹਿੰਮਤ ਸਿੰਘ ਤੋਂ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਸਹੁੰ ਦਿਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਪਾਰਦਰਸ਼ੀ ਭਰਤੀ ਪ੍ਰਕਿਰਿਆ ਦੀ ਪ੍ਰਣਾਲੀ ਨੂੰ ਜਾਰੀ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਰਾਜ ਸਰਕਾਰ ਨੌਜਵਾਨਾਂ ਨੂੰ ਪੂਰਾ ਮਾਨ-ਸਨਮਾਨ ਦੇ ਰਹੀ ਹੈ ਅਤੇ ਛੇਤੀ ਹੀ ਸਰਕਾਰ 50,000 ਨਵੇਂ ਰੁਜ਼ਗਾਰ ਦੇ ਮੌਕੇ ਮਹੁੱਈਆ ਕਰਵਾਉਣ ਜਾ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਆਪਣੇ ਸਮੇਂ ਦੌਰਾਨ ਬਿਨਾਂ ਕਿਸੇ ਭੇਦ-ਭਾਅ ਦੇ ਪੂਰੀ ਤਰ੍ਹਾਂ ਨਾਲ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਪਾਰਦਰਸ਼ੀ ਭਰਤੀ ਪ੍ਰਕਿਰਿਆ ਭਵਿੱਖ ਵਿਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਨੌਜਵਾਨਾਂ ਦਾ ਸਰਕਾਰ ਦੀ ਕਾਰਜਪ੍ਰਣਾਲੀ ਵਿਚ ਭਰੋਸਾ ਵਧਿਆ ਹੈ ਕਿਉਂਕਿ ਉਹ ਬਿਨਾਂ ਕਿਸੇ ਖਰਚੀ-ਪਰਚੀ (ਰਿਸ਼ਵਤ ਅਤੇ ਪੱਖਪਾਤ) ਦੇ ਸਰਕਾਰੀ ਨੌਕਰੀਆਂ ਹਾਸਲ ਕਰ ਰਹੇ ਹਨ, ਜੋ ਪਿਛਲੀ ਸਰਕਾਰਾਂ ਵਿਚ ਚੱਲਦੀ ਸੀ। ਗਰੁੱਪ ਸੀ ਅਤੇ ਗਰੁੱਪ ਡੀ ਸ਼੍ਰੇਣੀ ਦੇ ਅਹੁਦਿਆਂ ਲਈ ਸਮਾਜਿਕ-ਆਰਥਿਕ ਮਾਪਦੰਡ ਦੇ ਤਹਿਤ ਵਾਧੂ 5 ਨੰਬਰ ਦੇਣ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹਾਲ ਹੀ ਵਿਚ ਦਿੱਤੇ ਗਏ ਫੈਸਲੇ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮਾਨਯੋਗ ਕੋਰਟ ਦੀ ਸਿੰਗਲ ਬੈਚ ਨੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਇਸ ਮਾਪਦੰਡ ਨੂੰ ਸਹੀ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਮੀਦਵਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਅਸੀਂ ਜਲਦ ਹੀ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਪੇਸ਼ ਕਰਨਗੇ ਅਤੇ ਨੌਜਵਾਨਾਂ ਨੂੰ ਨਿਆਂ ਯਕੀਨੀ ਕਰਨ ਲਈ ਇਸ ਦੀ ਪੂਰੀ ਵਕਾਲਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ-ਆਰਥਿਕ ਮਾਪਦੰਡ ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਮੌਕੇ ਦੇਣ ਲਈ ਅਪਣਾਏ ਗਏ ਸਨ, ਜਿੰਨ੍ਹਾਂ ਕੋਲ ਕੋਈ ਸਰਕਾਰੀ ਨੌਕਰੀ ਨਹੀਂ ਸੀ| ਉਨ੍ਹਾਂ ਨੇ ਅਜਿਹੇ ਪਰਿਵਾਰਾਂ ਦੀ ਉਮੀਦ ਕਰਨ ਲਈ ਸਾਲ 2014 ਤੋਂ ਪਹਿਲਾਂ ਦੀ ਸਰਕਾਰਾਂ ਦੀ ਆਲੋਚਨਾ ਕੀਤੀ। ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨਾਇਬ ਸਿੰਘ ਨੇ ਕਾਂਗਰਸ ਆਗੂਆਂ ‘ਤੇ ਇਸ ਮੁੱਦੇ ‘ਤੇ ਝੂਠਾ ਪ੍ਰਚਾਰ ਕਰਨ ਦੇ ਨਾਲ ਜਨਤਾ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ| ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਆਗੂ ਨੌਜਵਾਨਾਂ ਦਾ ਭਵਿੱਖ ਹਨ੍ਹੇਰੇ ਵਿਚ ਹੈ ਦੱਸ ਕੇ ਉਨ੍ਹਾਂ ਨੂੰ ਭੜਕਾ ਰਹੇ ਹਨ, ਜਦੋਂ ਕਿ ਹਕੀਕਤ ਵਿਚ ਖੁਦ ਕਾਂਗਰਸ ਦਾ ਭਵਿੱਖ ਹਨ੍ਹੇਰੇ ਵਿਚ ਹੈ।