ਚੰਡੀਗੜ੍ਹ, 11 ਜੂਨ : ਪੰਜਾਬ ਵਿਚ ਇਕ ਵਾਰ ਫੇਰ ਤੋਂ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਵਿਚ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ, ਜਿਸ ਕਰ ਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਪੂਰਾ ਹਫ਼ਤਾ ਇਸੇ ਤਰ੍ਹਾਂ ਗਰਮੀ ਦਾ ਕਹਿਰ ਜਾਰੀ ਰਹੇਗਾ, ਜਿਸ ਕਰ ਕੇ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਦੌਰਾਨ ਮਾਨਸੂਨ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮਾਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਪਹਿਲਾਂ ਪਹੁੰਚ ਰਿਹਾ ਹੈ। ਮਾਨਸੂਨ ਦੋ ਦਿਨ ਪਹਿਲਾਂ ਹੀ ਮੁੰਬਈ ਪਹੁੰਚ ਗਿਆ ਹੈ ਤੇ ਇਥੇ ਭਾਰੀ ਬਾਰਸ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਕੇਰਲਾ ਵਿਚ ਮਾਨਸੂਨ ਨੇ ਹਫਤਾ ਪਹਿਲਾਂ ਦਸਤਕ ਦੇ ਦਿੱਤੀ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਦੇ ਹਾਲਾਤ ਬਿਲਕੁਲ ਅਨੁਕੂਲ ਹਨ। ਇਹ ਉਤਰੀ ਭਾਰਤ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੀ ਇਹੀ ਚਾਲ ਰਹੀ ਅਤੇ ਪਿਛਲੇ ਸਾਲ ਦੇ ਅੰਕੜੇ ਵੇਖੀਏ ਤਾਂ ਇਹ 18 ਤੋਂ 25 ਜੂਨ ਤੱਕ ਪੰਜਾਬ ਨੂੰ ਵੀ ਕਵਰ ਕਰ ਲਵੇਗਾ। ਮੌਸਮ ਵਿਭਾਗ ਅਨੁਸਾਰ ਮਾਨਸੂਨ ਜਿਸ ਤਰ੍ਹਾਂ ਅੱਗੇ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਮਾਨਸੂਨ ਜੂਨ ਦੇ ਤੀਜੇ ਹਫ਼ਤੇ ਪੰਜਾਬ ਵਿੱਚ ਪਹੁੰਚ ਜਾਵੇਗਾ। ਸੂਬੇ ‘ਚ 20 ਜੂਨ ਤੋਂ ਬਾਅਦ ਮੀਂਹ ਤੋਂ ਵੱਡੀ ਰਾਹਤ ਮਿਲੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪ੍ਰੀ-ਮਾਨਸੂਨ ਤਹਿਤ ਕੁਝ ਮੀਂਹ ਜਾਰੀ ਰਹੇਗਾ। ਫਿਲਹਾਲ ਮਾਨਸੂਨ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ‘ਚ ਪਹੁੰਚ ਗਿਆ ਹੈ।