- ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਆੜ੍ਹਤੀਆਂ ਨਾਲ ਮੀਟਿੰਗ
ਚੰਡੀਗੜ੍ਹ, 25 ਮਾਰਚ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਬੀਤੀ ਸ਼ਾਮ ਆੜ੍ਹਤੀ ਐਸੋਸੀਏਸ਼ਨ ਪੰਜਾਬ (ਰਜਿ.) ਦੇ ਅਹੁਦੇਦਾਰਾਂ ਨਾਲ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਆੜ੍ਹਤੀਆਂ ਨੇ ਚੇਅਰਮੈਨ ਨੂੰ ਐਫ.ਸੀ.ਆਈ ਨਾਲ ਸਬੰਧਤ ਕਈ ਦਿੱਕਤਾਂ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਹੋਰ ਵੀ ਕਈ ਮੁਸ਼ਕਿਲਾਂ ਗਿਣਾਈਆਂ ਗਈਆਂ।ਚੇਅਰਮੈਨ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਆੜ੍ਹਤੀਆਂ ਦੀਆਂ ਸਮੱਸਿਆਂਵਾਂ ਨੂੰ ਦੂਰ ਕਰਨ ਲਈ ਸਾਰਥਕ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਮੰਡੀਆਂ ਦਾ ਸਹੀ ਵਿਕਾਸ ਨਹੀਂ ਹੋ ਸਕਿਆ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਦਾਇਤਾਂ ਲੈ ਕੇ ਮੰਡੀਆਂ ਦੇ ਸਹੀ ਵਿਕਾਸ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਈ ਲਾਹੇਵੰਦ ਸਕੀਮਾਂ ਲਿਆਂਦੀਆਂ ਜਾਣਗੀਆਂ। ਬਰਸਟ ਨੇ ਆੜ੍ਹਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਭਵਿੱਖ ਵਿਚ ਲਏ ਜਾਣ ਵਾਲੇ ਫੈਸਲਿਆਂ ਵਿਚ ਆੜ੍ਹਤੀਆਂ ਦੀ ਵੀ ਰਾਏ ਲਈ ਜਾਵੇਗੀ ਅਤੇ ਕੋਈ ਵੀ ਫੈਸਲਾ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਰਵਿੰਦਰ ਸਿੰਘ ਚੀਮਾ ਪ੍ਰਧਾਨ, ਹਰਜੀਤ ਸਿੰਘ ਬਰੂ ਉਪ-ਚੇਅਰਮੈਨ, ਰਜਿੰਦਰ ਕੁਮਾਰ ਅਰੋੜਾ ਤੇ ਜਸਵਿੰਦਰ ਸਿੰਘ ਰਾਣਾ ਦੋਵੇਂ ਜਨਰਲ ਸੱਕਤਰਾਂ ਦੇ ਨਾਲ-ਨਾਲ ਸੂਬੇ ਦੇ ਵੱਖ-ਵੱਖ ਜ਼ਿਿਲ੍ਹਆਂ ਤੋਂ ਆਏ ਆੜ੍ਹਤੀਆਂ ਦੇ ਨੁਮਾਇੰਦੇ ਹਾਜ਼ਰ ਸਨ।