- ਸਥਾਨਕ ਸਰਕਾਰ ਲੋਕਤੰਤਰ ਦੀ ਨੀਂਹ ਹੈ, ਇਸ ਤੋਂ ਬਿਨਾਂ ਲੋਕਤੰਤਰ ਸਫਲ ਨਹੀਂ ਹੋ ਸਕਦਾ : ਸੰਦੀਪ ਪਾਠਕ
ਚੰਡੀਗੜ੍ਹ, 16 ਜਨਵਰੀ : ਆਮ ਆਦਮੀ ਪਾਰਟੀ (ਆਪ) ਸੰਗਠਨ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਡਾ: ਸੰਦੀਪ ਪਾਠਕ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸਾਰੇ ਚੁਣੇ ਹੋਏ ਕੌਂਸਲਰਾਂ, ਵਿਧਾਇਕਾਂ ਅਤੇ ਮੰਤਰੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਅੱਗੇ ਦੀਆਂ ਰਣਨੀਤੀਆਂ 'ਤੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸਮੂਹ ਕੌਂਸਲਰਾਂ, ਵਿਧਾਇਕਾਂ ਅਤੇ ਮੰਤਰੀਆਂ ਤੋਂ ਇਕ-ਇਕ ਕਰਕੇ ਸੁਝਾਅ ਲਏ ਗਏ ਅਤੇ ਪੰਜਾਬ ਦੇ ਸਾਰੇ 117 ਹਲਕਿਆਂ ਵਿਚ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਰਣਨੀਤੀ ਉਲੀਕੀ ਗਈ। ਜਥੇਬੰਦੀ ਦੀ ਮਜ਼ਬੂਤੀ ਤੋਂ ਇਲਾਵਾ ਆਗੂਆਂ ਤੇ ਵਰਕਰਾਂ ਵਿੱਚ ਤਾਲਮੇਲ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਡਾ: ਸੰਦੀਪ ਪਾਠਕ ਨੇ ਕਿਹਾ ਕਿ ਸਥਾਨਕ ਸਰਕਾਰ ਲੋਕਤੰਤਰ ਦੀ ਨੀਂਹ ਹੈ। ਇਸ ਤੋਂ ਬਿਨਾਂ ਲੋਕਤੰਤਰ ਸਫਲ ਨਹੀਂ ਹੋ ਸਕਦਾ। ਅਸੀਂ ਮੌਜੂਦਾ ਪ੍ਰਣਾਲੀ ਵਿੱਚ ਸੁਧਾਰ ਕਰਕੇ ਸਥਾਨਕ ਸਰਕਾਰਾਂ ਨੂੰ ਵਧੇਰੇ ਸੁਤੰਤਰ ਅਤੇ ਮਜ਼ਬੂਤ ਬਣਾਵਾਂਗੇ। ਪੰਜਾਬ ਦੀ 'ਆਪ' ਸਰਕਾਰ ਦੀ ਸ਼ਲਾਘਾ ਕਰਦਿਆਂ ਡਾ: ਪਾਠਕ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ | ਮਾਨ ਸਰਕਾਰ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਕਈ ਇਤਿਹਾਸਕ ਫੈਸਲੇ ਲਏ ਜਿਨ੍ਹਾਂ ਦਾ ਆਮ ਲੋਕਾਂ ਦੇ ਜੀਵਨ 'ਤੇ ਚੰਗਾ ਪ੍ਰਭਾਵ ਪਿਆ। ਅਸੀਂ ਰਲ ਮਿਲ ਕੇ ਹੋਰ ਚੰਗੇ ਕੰਮ ਕਰਨੇ ਹਨ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਰਹੇ ਹਾਂ। ਉਨ੍ਹਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਹਰ ਗਰੰਟੀ ਨੂੰ ਪੂਰਾ ਕਰੇਗੀ। ਅਸੀਂ ਸਿਰਫ਼ ਆਪਣੀਆਂ ਗਾਰੰਟੀਆਂ ਹੀ ਨਹੀਂ ਪੂਰੀਆਂ ਕਰਾਂਗੇ ਬਲਕਿ ਗਾਰੰਟੀਆਂ ਤੋਂ ਵੀ ਵੱਧ ਕੰਮ ਕਰਾਂਗੇ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅਜਿਹਾ ਕਰਕੇ ਦਿਖਾਇਆ ਹੈ। ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ, ਅਮਨ ਅਰੋੜਾ, ਹਰਜੋਤ ਬੈਂਸ, ਕੁਲਦੀਪ ਧਾਲੀਵਾਲ, ਡਾ: ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ, ਡਾ: ਇੰਦਰਬੀਰ ਸਿੰਘ ਨਿੱਝਰ, ਡਾ: ਬਲਬੀਰ, ਚੇਤਨ ਸਿੰਘ ਜੋੜਾਮਾਜਰਾ, ਅਨਮੋਲ ਗਗਨ ਮਾਨ ਸਮੇਤ ਪਾਰਟੀ ਦੇ ਸਮੂਹ ਵਿਧਾਇਕ ਮੀਟਿੰਗ ਵਿੱਚ ਹਾਜ਼ਰ ਸਨ। ਇਸ ਮੌਕੇ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਮੌਜੂਦ ਰਹੇ।