- ਰਾਜਪਾਲ ਪਤੀ-ਪਤਨੀ ਦੋਹਾਂ ਖਿਲਾਫ 100 ਕਰੋੜ ਰੁਪਏ ਦੇ ਸਾਈਬਰ ਅਪਰਾਧ ਘੁਟਾਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੇ ਹੁਕਮ ਵੀ ਦੇਣ: ਸਰਬਜੀਤ ਸਿੰਘ ਝਿੰਜਰ
- ਕਿਹਾ ਕਿ ਜੇਕਰ ਆਪ ਸਰਕਾਰ ਨੇ ਦੋਵਾਂ ਦਾ ਬਚਾਅ ਜਾਰੀ ਰੱਖਿਆ ਤਾਂ ਯੂਥ ਅਕਾਲੀ ਦਲ ਦੋਵਾਂ ਨੂੰ ਕਾਲੀਆਂ ਝੰਡੀਆਂ ਵਿਖਾਵੇਗਾ ਤੇ ਧਰਨੇ ਦੇਵੇਗਾ
ਚੰਡੀਗੜ੍ਹ, 13 ਸਤੰਬਰ 2024 : ਯੂਥ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਹਦਾਇਤ ਕਰਨ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਐਸ ਪੀ ਜਯੋਤੀ ਯਾਦਵ ਨੂੰ ਸਸਪੈਂਡ ਕੀਤਾ ਜਾਵੇ ਅਤੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਪਤੀ-ਪਤਨੀ ਦੋਵਾਂ ਖਿਲਾਫ 100 ਕਰੋੜ ਰੁਪਏ ਦੇ ਸਾਈਬਰ ਅਪਰਾਧ ਘੁਟਾਲੇ ਦੀ ਜਾਂਚ ਦੇ ਵੀ ਹੁਕਮ ਦਿੱਤੇ ਜਾਣ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਨੂੰ ਹਦਾਇਤ ਕਰਨ ਕਿ ਕੇਸ ਡੂੰਘਾਈ ਨਾਲ ਜਾਂਚ ਵਾਸਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੂੰ ਭੇਜਿਆ ਜਾਵੇ ਕਿਉਂਕਿ ਇਸ ਵਿਚ ਮਨੀ ਲਾਂਡਰਿੰਗ ਦਾ ਮਾਮਲਾ ਵੀ ਸ਼ਾਮਲ ਹੈ। ਝਿੰਜਰ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਕਰਨਾ ਇਸ ਕਰ ਕੇ ਜ਼ਰੂਰੀ ਹੈ ਕਿਉਂਕਿ ਰਾਜ ਸਰਕਾਰ ਵੱਲੋਂ ਕੇਸ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਕੇਸ ਦੀ ਜਾਂਚ ਨਹੀਂ ਕਰ ਸਕੇਗੀ ਕਿਉਂਕਿ ਉਹ ਇਕ ਕੈਬਨਿਟ ਮੰਤਰੀ ਨੂੰ ਜਵਾਬਦੇਹ ਨਹੀਂ ਬਣਾ ਸਕਦੀ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਐਸ ਆਈ ਟੀ ਗਠਿਤ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਐਸ ਆਈ ਟੀ ਦਾ ਗਠਨ ਸਿਰਫ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਸਤੇ ਕੀਤਾ ਗਿਆ ਤੇ ਇਸੇ ਕਰ ਕੇ ਲਾਜ਼ਮੀ ਹੈ ਕਿ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ ਅਤੇ ਨਾਲ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਵੀ ਮਾਮਲੇ ਦਾ ਸੱਚ ਸਾਹਮਣੇ ਲਿਆਵੇ। ਝਿੰਜਰ ਨੇ ਕਿਹਾ ਕਿ ਯੂਥ ਅਕਾਲੀ ਦਲ ਰਾਜਪਾਲ ਕੋਲ ਪਹੁੰਚ ਕਰ ਕੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਅਪੀਲ ਕਰੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਆਪ ਸਰਕਾਰ ਨਾ ਮੰਨੀ ਅਤੇ ਦਾਗੀ ਮੰਤਰੀ ਦਾ ਬਚਾਅ ਕਰਦੀ ਰਹੀ ਤਾਂ ਜਿਥੇ ਵੀ ਉਹ ਜਾਣਗੇ ਯੂਥ ਅਕਾਲੀ ਦਲ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਵੇਗਾ ਤੇ ਰੋਸ ਧਰਨੇ ਦੇਵੇਗਾ। ਝਿੰਜਰ ਨੇ ਕਿਹਾ ਕਿ 100 ਕਰੋੜ ਦੇ ਘੁਟਾਲੇ ਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਹਨ। ਉਹਨਾਂ ਕਿਹਾ ਕਿ ਹਰਜੋਤ ਬੈਂਸ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਅੱਖਾਂ ਦਾ ਤਾਰਾ ਹੈ ਤੇ ਇਸੇ ਕਾਰਣ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਕੌਮੀ ਏਜੰਸੀਆਂ ਨੂੰ ਇਸ ਮਾਮਲੇ ਵਿਚ ਸ਼ਾਮਲ ਵੱਡੀ ਰਕਮ ਦੇ ਆਪ ਕਨਵੀਨਰ ਹੋਰ ਰਾਜਾਂ ਵਿਚ ਪ੍ਰਚਾਰ ਵਾਸਤੇ ਲਏ ਵਿਸ਼ੇਸ਼ ਜੈਟ ਕਿਰਾਏ ਜਾਣ ਦੇ ਸੰਬੰਧ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਝਿੰਜਰ ਨੇ ਕਿਹਾ ਕਿ ਕੇਸ ਨੂੰ ਸਾਹਮਣੇ ਲਿਆਉਣ ਵਾਲੀ ਇੰਸਪੈਕਟਰ ਅਮਨਜੋਤ ਕੌਰ ਨੂੰ ਵੀ ਨਿਆਂ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੰਸਪੈਕਟਰ ਨੇ ਖੁਦ ਡੀ ਜੀ ਪੀ ਨੂੰ ਦੱਸਿਆ ਹੈ ਕਿ ਕਿਵੇਂ ਐਸ ਪੀ ਜਯੋਤੀ ਯਾਦਵ ਜਿਹਨਾਂ ਦੀ ਤਾਇਨਾਤੀ ਮੁਹਾਲੀ ਹੈ, ਉਹਨਾਂ ’ਤੇ ਦਬਾਅ ਬਣਾ ਰਹੀ ਹੈ ਕਿ ਉਹ ਮੁਲਜ਼ਮ ਦੇ ਹੱਕ ਵਿਚ ਭੁਗਤੇ। ਉਹਨਾਂ ਕਿਹਾ ਕਿ ਇੰਸਪੈਕਟਰ ਨੇ ਇਹ ਵੀ ਦੱਸਿਆ ਕਿ ਵਿਜੇ ਰਾਜ ਕਪੂਰੀਆ ਜੋ ਮੁਹਾਲੀ ਵਿਚ ਇਕ ਘਰ ਵਿਚ ਗੈਰ ਕਾਨੂੰਨੀ ਸਾਈਬਰ ਸੈਂਟਰ ਚਲਾਉਂਦਾ ਹੈ, ਉਹ ਮੰਤਰੀ ਹਰਜੋਤ ਬੈਂਸ ਦਾ ਨਜ਼ਦੀਕੀ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਪਤੀ-ਪਤਨੀ ਦੋਵਾਂ ਹਰਜੋਤ ਬੈਂਸ ਤੇ ਜਯੋਤੀ ਯਾਦਵ ਦੇ ਖਿਲਾਫ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਯੂਥ ਅਕਾਲੀ ਦਲ ਦੇ ਮੁਖੀ ਨੇ ਕਿਹਾ ਕਿ ਇਕ ਵੱਖਰੀ ਜਾਂਚ ਇਹ ਵੀ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਵੇਂ ਐਨ ਆਰ ਆਈਜ਼ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦਾ ਪੈਸਾ ਲੁੱਟਿਆ ਗਿਆ। ਉਹਨਾਂਕਿਹਾ ਕਿ ਐਨ ਆਰ ਆਈ ਭਾਈਚਾਰੇ ਵਿਚ ਵਿਸ਼ਵਾਸ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਐਨ ਆਰ ਆਈ ਭਾਈਚਾਰਾ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੇ ਨਾਲ ਡਟਿਆ ਸੀ ਤੇ ਪਾਰਟੀ ਦੀ ਦਿਲੋਂ ਹਮਾਇਤ ਕੀਤੀ ਸੀ। ਹੁਣ ਉਹਨਾਂ ਨਾਲ ਘੁਟਾਲਾ ਹੋ ਰਿਹਾ ਹੈ ਤਾਂ ਆਪ ਸਰਕਾਰ ਨੂੰ ਇਸ ਅਪਰਾਧ ਦੀ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ।