ਚੰਡੀਗੜ੍ਹ, 28 ਫ਼ਰਵਰੀ : ਤਰਨਤਾਰਨ ਦੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ 'ਚ ਹੋਈ ਗੈਂਗਵਾਰ ਕਰਕੇ ਡਿਪਟੀ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਵੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਜੇਲ੍ਹ ਵਿੱਚ ਐਤਵਾਰ ਦੁਪਹਿਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਗੈਂਗ ਵਾਰ ਹੋਈ ਸੀ। ਇਸ ਗੈਂਗ ਵਾਰ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਮਾਰੇ ਗਏ ਸਨ। ਮਾਮਲੇ 'ਚ 11 ਗੈਂਗਸਟਰ ਜ਼ਖਮੀ ਵੀ ਹੋਏ ਸਨ।ਜ਼ਿਕਰਯੋਗ ਹੈ ਕਿ ਅਤਿ-ਆਧੁਨਿਕ ਗੋਇੰਦਵਾਲ ਕੇਂਦਰੀ ਜੇਲ੍ਹ 15 ਮਹੀਨੇ ਪਹਿਲਾਂ ਹੀ ਸ਼ੁਰੂ ਹੋਈ ਸੀ। ਇਹ ਜੇਲ੍ਹ ਸ਼ੁਰੂ ਤੋਂ ਹੀ ਸੁਰਖੀਆਂ ਵਿੱਚ ਰਹੀ ਹੈ। ਜੇਲ੍ਹ ਵਿੱਚ ਗੈਂਗਸਟਰਾਂ ਦੇ ਆਪਸ ਵਿੱਚ ਭਿੜਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਮੰਗਵਾਉਣ ਦੇ ਰੈਕੇਟ ਦਾ ਵੀ ਪਰਦਾਫਾਸ਼ ਹੋਇਆ ਸੀ ਪਰ ਇਸ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਗ੍ਰਹਿ ਵਿਭਾਗ ਨੇ ਐਤਵਾਰ ਨੂੰ ਦੋ ਗੈਂਗਸਟਰਾਂ ਦੀ ਮੌਤ ਦੀ ਰਿਪੋਰਟ ਤਲਬ ਕਰ ਲਈ ਹੈ। ਸੀਐਮ ਭਗਵੰਤ ਮਾਨ ਕੋਲ ਹੀ ਗ੍ਰਹਿ ਵਿਭਾਗ ਹੈ।