- ਕਮੇਟੀ ਨੇ ਪੰਥ ਤੇ ਪੰਜਾਬੀਆਂ ਨੂੰ ਕੀਤਾ ਚੌਕਸ
- ਕਿਹਾ ਤਰੱਕੀ ਤੇ ਖੁਸ਼ਹਾਲੀ ਲਈ ਸ਼ਾਂਤੀ ਜ਼ਰੂਰੀ
- ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ
- ਪਾਰਟੀ ਅਸਲ ਸੰਘੀ ਢਾਂਚੇ ਲਈ ਯਤਨ ਤੇਜ਼ ਕਰੇਗੀ
- ਗਲਤੀ ਕਰ ਰਹੇ ਮੈਂਬਰਾਂ ਨੂੰ ਕੀਤੀ ਅਪੀਲ, ਪਾਰਟੀ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਤੇ ਆਪਣੇ ਵਿਚਾਰ ਸਿਰਫ ਪਾਰਟੀ ਪਲੇਟਫਾਰਮ ’ਤੇ ਹੀ ਰੱਖੇ ਜਾਣ
- ਸਿੱਖਾਂ ’ਤੇ ਹਮਲਿਆਂ ਦੀ ਕੀਤੀ ਨਿਖੇਧੀ, ਕਿਹਾ ਕਿ ਕੰਗਣਾ ਰਣੌਤ ਵਰਗੇ ਫਿਰਕੂ ਆਗੂਆਂ ਦੀ ਭੜਕਾਊ ਬਿਆਨਬਾਜ਼ੀ ਦੇਸ਼ ਦੀ ਏਕਤਾ ਦਾ ਕਰ ਰਹੀ ਹੈ ਨੁਕਸਾਨ
ਚੰਡੀਗੜ੍ਹ, 26 ਜੂਨ 2024 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਸੂਬੇ ਵਿਚ ਮਸਾਂ ਮਿਲੀ ਸ਼ਾਂਤੀ ਤੇ ਭਾਈਚਾਰਜਕ ਸਾਂਝ ਨੂੰ ਲਾਂਬੂ ਲਗਾ ਕੇ ਮਾਹੌਲ ਖਰਾਬ ਕਰਨ ਅਤੇ ਇਸਦਾ ਦੋਸ਼ ਸਿੱਖਾਂ ਸਿਰ ਮੜ੍ਹ ਕੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੀ ਬਦਨਾਮੀ ਕਰਨ ਲਈ ਰਚੀ ਜਾ ਰਹੀ ਡੂੰਘੀ ਸਾਜ਼ਿਸ਼ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਪਾਰਟੀ ਦੀ ਵਰਕਿੰਗ ਕਮੇਟੀ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਪੰਜਾਬ ਵਿਚ ਸੌੜੇ ਸਿਆਸੀ ਹਿੱਤਾਂ ਵਾਸਤੇ ਫਿਰਕੂ ਧਰੁਵੀਕਰਨ ਕਰਨ ਲਈ ਖ਼ਤਰਨਾਕ ਤੇ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਫਿਰ ਤੋਂ ਫਿਰਕੂ ਨਫਰਤ ਫੈਸਲਾ ਕੇ ਸੂਬੇ ਵਿਚ ਹਿੰਸਾ ਫੈਲਾਉਣ ਦੀ ਪੁਰਾਣੀ ਖੇਡ ਖੇਡੀ ਜਾ ਰਹੀ ਹੈ ਜਿਸਦਾ ਦੋਸ਼ ਸਿੱਖਾਂ ਸਿਰ ਮੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ ਤੇ 1980ਵਿਆਂ ਵਾਂਗੂ ਸਾਡੇ ਨੌਜਵਾਨਾਂ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਵਰਕਿੰਗ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼ਾਂਤੀ ਤੇ ਭਾਈਚਾਰਕ ਸਾਂਝ ਸਭ ਤੋਂ ਜ਼ਰੂਰੀ ਹੈ। ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਾਡੇ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਨੁਸਾਰ ਸ਼ਾਂਤੀ ਤੇ ਭਾਈਚਾਰਕ ਸਾਂਝ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਵਰਕਿੰਗ ਕਮੇਟੀ ਨੇ ਕਿਹਾ ਕਿ ਅਸੀਂ ਇਸ ਵਾਸਤੇ ਸ਼ਹਾਦਤਾਂ ਦਿੱਤੀਆਂ ਹਨ ਤੇ ਇਸ ਮਾਮਲੇ ਵਿਚ ਆਪਣੀ ਜ਼ਿੰਮੇਵਾਰੀ ਤੋਂ ਕਦੇ ਨਹੀਂ -ਥਿੜਕਾਂਗੇ। ਇਕ ਵੱਖਰੇ ਤੇ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਵਿਚ ਵਰਕਿੰਗ ਕਮੇਟੀ ਨੇ ਪੂਰਨ ਤਰ੍ਹਾਂ ਦਿੜ੍ਹ ਤੇ ਵਚਨਬੱਧ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਵੀ ਪ੍ਰਗਟਾਇਆ ਤੇ ਉਹਨਾਂ ਦੀ ਸ਼ਲਾਘਾ ਵੀ ਕੀਤੀ। ਵਰਕਿੰਗ ਕਮੇਟੀ ਨੇ ਪ੍ਰਧਾਨ ਨੂੰ ਅਧਿਕਾਰ ਦਿੱਤਾ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਦਾ ਪੁਨਰਗਠਨ ਕੀਤਾ ਜਾਵੇ। ਕਮੇਟੀ ਮੈਂਬਰਾਂ ਨੇ ਪ੍ਰਧਾਨ ਦੇ ਅਕਸ ਨੂੰ ਢਾਹ ਲਾਉਣ ਦੇ ਯਤਨਾਂ ਦਾ ਵੀ ਨੋਟਿਸ ਲਿਆ। ਮੈਂਬਰਾਂ ਨੇ ਪੰਥ ਤੇ ਪੰਜਾਬ ਦੇ ਦੁਸ਼ਮਣਾਂ ਦੇ ਹੱਥਾਂ ਵਿਚ ਖੇਡ ਰਹੇ ਕੁਝ ਆਗੂਆਂ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਦੀ ਜ਼ੋਰਦਾਰ ਮੰਗ ਵੀ ਕੀਤੀ ਪਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਭ ਨੂੰ ਸਬਰ ਤੇ ਸੰਤੋਖ ਰੱਖਣ ਤੇ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਨੁਸਾਰ ਖੁੱਲ੍ਹ ਦਿਲੀ ਵਾਲੀ ਪਹੁੰਚਣ ਅਪਣਾਉਣ ’ਦੇ ਜ਼ੋਰ ਦਿੱਤਾ। ਇਸ ਮਗਰੋਂ ਵਰਕਿੰਗ ਕਮੇਟੀ ਨੇ ਇਕ ਮਤਾ ਪਾਸ ਕੀਤਾ ਜਿਸ ਵਿਚ ਕਿਹਾ ਗਿਆ ਅਸੀਂ ਇਕ ਪੂਰਨ ਲੋਕਤੰਤਰੀ ਪਾਰਟੀ ਹਾਂ ਜਿਸਦੀਆਂ ਅੰਦਰੂਨੀ ਵਿਚਾਰ ਵਟਾਂਦਰੇ ਦੀਆਂ ਇਤਿਹਾਸਕ ਰਵਾਇਤਾਂ ਹਨ। ਹਰੇਕ ਨੂੰ ਪਾਰਟੀ ਪਲੇਟਫਾਰਮ ’ਤੇ ਆਪਣੇ ਵਿਚਾਰ ਰੱਖਣ ਦਾ ਹੱਕ ਭਾਵੇਂ ਉਹ ਆਲੋਚਨਾ ਵਾਲੇ ਵਿਚਾਰ ਹੀ ਕਿਉਂ ਨਾ ਹੋਣ। ਇਸ ਲਈ ਪਾਰਟੀ ਦਾ ਨੁਕਸਾਨ ਕਰਨ ਲਈ ਮਾਹੌਲ ਖਰਾਬ ਕਰਨ ਤੇ ਅਨੁਸ਼ਾਸਨ ਭੰਗ ਕਰਨ ਦਾ ਕੋਈ ਤੁੱਕ ਨਹੀਂ ਬਣਦਾ। ਪਾਰਟੀ ਨੇ ਗਲਤੀਆਂ ਕਰ ਰਹੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਦੁਸ਼ਮਣਾਂ ਦੇ ਹੱਥਾਂ ਵਿਚ ਨਾ ਖੇਡਣ ਖਾਸ ਤੌਰ ’ਤੇ ਉਦੋਂ ਜਦੋਂ ਖਾਲਸਾ ਪੰਥ, ਪੰਜਾਬ ਤੇ ਪਾਰਟੀ ਪਹਿਲਾਂ ਹੀ ਸਿੱਖ ਤੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਨਿਸ਼ਾਨਾ ਬਣੀ ਹੋਈ ਹੈ, ਇਹ ਮੈਂਬਰ ਖੁਦ ਬੀਤੇ ਸਮੇਂ ਵਿਚ ਇਸਦੀ ਗੱਲ ਵੀ ਕਰਦੇ ਰਹੇ ਹਨ। ਇਕ ਹੋਰ ਮਤੇ ਵਿਚ ਪਾਰਟੀ ਨੇ ਕਿਹਾ ਕਿ ਉਹ ਦੇਸ਼ ਵਿਚ ਪੂਰਨ ਸੰਘੀ ਢਾਂਚਾ ਸਥਾਪਿਤ ਕਰਨ ਦੇ ਟੀਚੇ ਪ੍ਰਤੀ ਆਪਣੇ ਯਤਨ ਹੋਰ ਤੇਜ਼ ਕਰੇਗੀ ਤਾਂ ਜੋ ਰਾਜਾਂ ਨੂੰ ਵਾਜਬ ਵਿੱਤੀ ਤੇ ਪ੍ਰਸ਼ਾਸਕੀ ਖੁਦਮੁਖ਼ਤਿਆਰੀ ਮਿਲ ਸਕੇ। ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਵਿਚ ਵੰਨ ਸੁਵੰਨੇ ਸਭਿਆਚਾਰ, ਭਾਸ਼ਾਵਾਂ, ਧਰਮ ਤੇ ਖਿੱਤੇ ਹਨ। ਮਜ਼ਬੂਤ ਰਾਜਾਂ ਦਾ ਮਤਲਬ ਮਜ਼ਬੂਤ ਦੇਸ਼ ਹੁੰਦਾ ਹੈ। ਭਾਰਤ ਦੀ ਅਨੇਕਤਾ ਵਿਚ ਏਕਤਾ ਅਤੇ ਇਸਦੀ ਅਮੀਰ ਵਿਭਿੰਨਤਾ ਨੂੰ ਬਚਾਉਣ ਦੀ ਜ਼ਰੂਰਤ ਹੈ। ਮੀਟਿੰਗ ਨੇ ਦੇਸ਼ ਵਿਚ ਸਿੱਖਾਂ ’ਤੇ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕੰਗਣਾ ਰਣੌਤ ਵਰਗੇ ਸੱਤਾਧਾਰੀ ਪਾਰਟੀ ਦੇ ਅਹਿਮ ਆਗੂਆਂ ਦੇ ਭੜਕਾਊ ਬਿਆਨ ਇਹਨਾਂ ਹਮਲਿਆਂ ਲਈ ਜ਼ਿੰਮੇਵਾਰ ਹਨ। ਪਾਰਟੀ ਨੇ ਕਿਹਾ ਕਿ ਇਹ ਘਟਨਾਵਾਂ ਫਿਰਕੂ ਧਰੁਵੀਕਰਨ ਦੀ ਚਲ ਰਹੀ ਸਾਜ਼ਿਸ਼ ਦਾ ਹਿੱਸਾ ਹਨ। ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਵਰਕਿੰਗ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।