ਚੰਡੀਗੜ੍ਹ (ਗੁਰਭਿੰਦਰ ਗੁਰੀ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ’ਚ ਡਿਟੇਨ/ ਹਿਰਾਸਤ ’ਚ ਲੈਣ ਦੀਆਂ ਖ਼ਬਰਾਂ ਜਿੱਥੇ ਪੰਜਾਬ ਸਮੇਤ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਸਵਾਲ ਬਣਿਆ ਹੋਇਆ ਹੈ, ਗੋਲਡੀ ਬਰਾੜ ਨੂੰ ਡਿਟੇਨ ਕੀਤੇ ਜਾਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ। ਪਰ ਪਿਛਲੇ ਤਿੰਨ ਦਿਨਾਂ ਤੋਂ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਕਾਰਨ ਸਿਆਸਤ ਐਨੀ ਗਰਮਾ ਗਈ ਹੈ ਕਿ ਗੋਲਡੀ ਬਰਾੜ ਨੂੰ ਡਿਟੇਨ ਕਰਨ ਦੀ ਖ਼ਬਰ ਇੱਕ ਭੰਬਲਭੂਸਾ ਬਣਿਆ ਹੋਇਆ ਹੈ। ਇਸੇ ਦੌਰਾਨ ਹੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਇੱਕ ਯੂ-ਟਿਊਬ ਚੈਨਲ ਦੇ ਪੱਤਰਕਾਰ ਨਾਲ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਉਸਨੂੰ ਅਮਰੀਕੀ ਪੁਲਿਸ ਨੇ ਡਿਟੇਨ ਜਾਂ ਹਿਰਾਸਤ ਵਿੱਚ ਨਹੀਂ ਲਿਆ। ਹਾਲਾਂਕਿ ਇੰਟਰਵਿਊ ਵੀਡੀਓ ਵਿੱਚ ਆਵਾਜ਼ ਗੋਲਡੀ ਬਰਾੜ ਦੀ ਹੈ ਜਾਂ ਕਿਸੇ ਹੋਰ ਦੀ ਇਸ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ। ਗੋਲਡੀ ਬਰਾੜ ਨੂੰ ਡਿਟੇਨ ਜਾਂ ਹਿਰਾਸਤ ਵਿੱਚ ਲਿਆ ਹੋਇਆ ਹੈ ਜਾਂ ਇਹ ਸਿਰਫ ਰੌਲਾ ਹੈ, ਇਸ ਬਾਰੇ ਭੰਬਲਭੂਸਾ ਉਸੇ ਤਰ੍ਹਾਂ ਹੀ ਬਰਕਰਾਰ ਹੈ।