ਚੰਡੀਗੜ੍ਹ, 3 ਜੁਲਾਈ 2024 : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪ੍ਰਗਟਾਏ ਗਏ ਵਿਸ਼ਵਾਸ ਨੇ ਇਕ ਗੱਲ ਪੂਰੀ ਤਰ੍ਹਾਂ ਨਾਲ ਸਾਬਿਤ ਕਰ ਦਿੱਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਮੁੱਚੀ ਸਿੱਖ ਕੌਮ ਜੋ ਸ਼੍ਰੋਮਣੀ ਕਮੇਟੀ "ਤੇ ਬਾਦਲ ਪਰਿਵਾਰ ਦਾ ਕਬਜ਼ਾ ਹੋਣ ਦੀ ਗੱਲ ਆਖ ਰਹੀ ਹੈ ਉਹ ਪੂਰੀ ਤਰ੍ਹਾਂ ਨਾਲ ਸੱਚ ਹੈ। ਸੁਖਦੇਵ ਢੀਂਡਸਾ ਨੇ ਇਥੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਨਾਂ ਤਾਂ ਮੈਂਬਰ ਹਨ ਅਤੇ ਨਾ ਹੀ ਕੋਈ ਅਹੁਦੇਦਾਰ ਹਨ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋ ਉਨ੍ਹਾਂ ਦੀ ਅਗਵਾਈ ਵਿਚ ਵਿਸ਼ਵਾਸ ਜਤਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਧਾਰਮਿਕ ਸੰਸਥਾ ਹੈ ਜਿਸ ਨੂੰ ਸੁਖਬੀਰ ਸਿੰਘ ਬਾਦਲ ਆਪਣੇ ਰਾਜਨੀਤਕ ਫਾਇਦੇ ਲਈ ਵਰਤ ਰਿਹਾ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਪਣੀ ਕੁਰਸੀ ਬਚਾਉਣ ਲਈ ਪਾਰਟੀ ਤੋ ਵਿਸ਼ਵਾਸ ਹਾਸਿਲ ਕਰਨ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋ ਆਪਣੇ ਹੱਕ ਵਿੱਚ ਵਿਸ਼ਵਾਸ ਹਾਸਿਲ ਕਰਵਾ ਰਿਹਾ ਹੈ। ਸੁਖਦੇਵ ਢੀਂਡਸਾ ਨੇ ਕਿਹਾ ਕਿ ਸਿੱਖ ਕੌਮ ਅਤੇ ਪੰਜਾਬ ਵਾਸੀ ਸ਼ੁਰੂ ਤੋ ਇਹ ਗੱਲ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਕੰਟਰੋਲ ਹੈ ਅਤੇ ਸ਼੍ਰੋਮਣੀ ਕਮੇਟੀ ਹਰ ਫੈਸਲਾ ਸੁਖਬੀਰ ਸਿੰਘ ਬਾਦਲ ਤੋ ਪੁੱਛਕੇ ਕਰਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਤੋ ਗੁਰਬਾਣੀ ਦੇ ਕੀਤੇ ਜਾ ਰਹੇ ਪ੍ਰਸਾਰਣ ਤੇ ਐਸ ਜੀ ਪੀ ਸੀ ਦਾ ਲੋਗੋ ਲਗਾ ਦਿੱਤਾ ਗਿਆ ਹੈ ਪਰ ਅਸਲ ਵਿਚ ਅਜੇ ਵੀ ਪੀ ਟੀ ਸੀ ਚੈਨਲ ਹੀ ਸਾਰਾ ਕੁੱਝ ਚਲਾ ਰਿਹਾ ਹੈ।