- ਕਿਸੇ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਲੁੱਟਣ ਨਹੀਂ ਦਿੱਤਾ ਜਾਵੇਗਾ, ਅਸੀਂ ਇੱਥੇ ਪੂੰਜੀਪਤੀਆਂ ਨੂੰ ਲਾਭ ਦੇਣ ਲਈ ਨਹੀਂ ਆਏ, ਸਾਡੀ ਤਰਜੀਹ ਆਮ ਜਨਤਾ ਹੈ-ਮਾਨ
ਚੰਡੀਗੜ੍ਹ, 30 ਮਾਰਚ : ਕਿਸੇ ਨੂੰ ਵੀ ਪੰਜਾਬ ਦੇ ਲੋਕਾਂ ਦੀ ਲੁੱਟ ਨਾ ਕਰਨ ਦੇਣ ਦੀ ਆਪਣੀ ਵਚਨਬੱਧਤਾ ‘ਤੇ ਕਾਇਮ ਰਹਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਲੁਧਿਆਣਾ-ਬਰਨਾਲਾ ਰਾਜ ਮਾਰਗ ‘ਤੇ ਸਥਿਤ ਦੋ ਟੋਲ ਪਲਾਜ਼ੇ 2 ਅਪ੍ਰੈਲ ਅੱਧੀ ਰਾਤ ਤੋਂ ਬੰਦ ਕਰ ਦਿੱਤੇ ਜਾਣਗੇ ਕਿਉਂਕਿ ਉਨ੍ਹਾਂ ਦੀ ਰਿਆਇਤ ਦੀ ਮਿਆਦ ਖਤਮ ਹੋ ਰਹੀ ਹੈ। ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ ਰਾਜ ਮਾਰਗ (SH-13) 57.94 ਕਿਲੋਮੀਟਰ ਦੀ ਲੰਬਾਈ ਵਾਲੀ ਇੱਕ ਸੜਕ ਹੈ, ਜੋ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਸੜਕ ਨੂੰ ਅਪਗ੍ਰੇਡ ਕਰਨ ਲਈ, ਪੰਜਾਬ ਸਰਕਾਰ ਨੇ 2007 ਵਿੱਚ ਬਿਲਡ-ਓਪਰੇਟ-ਟ੍ਰਾਂਸਫਰ (ਬੀ.ਓ.ਟੀ.) ਸਕੀਮ ਨੂੰ ਪ੍ਰਵਾਨਗੀ ਦਿੱਤੀ ਸੀ। ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਨੇ ਇਸ ਸਕੀਮ ਅਧੀਨ ਕੰਮ ਸ਼ੁਰੂ ਕੀਤਾ। ਸਮਝੌਤੇ ਅਨੁਸਾਰ ਇਸ ਪ੍ਰਾਜੈਕਟ ਲਈ ਰਿਆਇਤ ਦੀ ਮਿਆਦ 17 ਸਾਲ ਸੀ। ਸਮਝੌਤੇ ਦੀਆਂ ਸ਼ਰਤਾਂ ਅਨੁਸਾਰ, ਇਸ ਪ੍ਰੋਜੈਕਟ ਲਈ ਰਿਆਇਤ ਦੀ ਮਿਆਦ 02.04.2024 ਨੂੰ ਖਤਮ ਹੋ ਰਹੀ ਹੈ, ਅਤੇ ਉਸ ਦਿਨ ਤੋਂ ਟੋਲ ਪਲਾਜ਼ਾ ਰਕਬਾ (ਨੇੜੇ ਮੁੱਲਾਂਪੁਰ ਜਿਲਾ ਲੁਧਿਆਣਾ) ਅਤੇ ਟੋਲ ਪਲਾਜ਼ਾ ਮਹਿਲ ਕਲਾਂ (ਨੇੜੇ ਬਰਨਾਲਾ) ਆਪਣਾ ਕੰਮਕਾਜ ਬੰਦ ਕਰ ਦੇਣਗੇ। ਇਸ ਤੋਂ ਬਾਅਦ ਇਸ ਸੜਕ ‘ਤੇ ਆਮ ਲੋਕਾਂ ਤੋਂ ਕੋਈ ਟੋਲ ਨਹੀਂ ਵਸੂਲਿਆ ਜਾਵੇਗਾ ਅਤੇ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਆਪਣੇ ਐਕਸ ਅਕਾਉਂਟ ਰਾਹੀਂ ਇਸ ਬਾਰੇ ਜਾਣਕਾਰੀ ਦਿੰਦਿਆਂ ਸੀਐਮ ਮਾਨ ਨੇ ਕਿਹਾ ਕਿ ਕੰਪਨੀ ਨੇ ਕੋਵਿਡ ਪੀਰੀਅਡ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ ਆਪਣੇ ਟੋਲ ਓਪਰੇਸ਼ਨ ਦਾ 448 ਦਿਨਾਂ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਉਸ ਬੇਨਤੀ ਨੂੰ ਠੁਕਰਾ ਦਿੱਤਾ। ਇਸ ਲਈ ਦੋਵੇਂ ਟੋਲ ਪਲਾਜ਼ਾ ਆਪਣਾ ਕੰਮਕਾਜ ਬੰਦ ਕਰ ਦੇਣਗੇ ਅਤੇ ਹੁਣ ਆਮ ਲੋਕਾਂ ਤੋਂ ਕੋਈ ਟੋਲ ਵਸੂਲ ਨਹੀਂ ਕਰਨਗੇ। ਮਾਨ ਨੇ ਦੁਹਰਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਅਸੀਂ ਇੱਥੇ ਪੂੰਜੀਪਤੀਆਂ ਨੂੰ ਨਾਜਾਇਜ਼ ਲਾਭ ਦੇਣ ਲਈ ਨਹੀਂ ਆਏ ਹਾਂ ਅਤੇ ਕਿਸੇ ਨੂੰ ਵੀ ਆਮ ਜਨਤਾ ਦੀ ਟੋਲ ਕਾਰਵਾਈ ਦੀ ਮਿਆਦ ਖਤਮ ਹੋਣ ਤੋਂ ਬਾਅਦ ਲੁੱਟਣ ਦੀ ਇਜਾਜ਼ਤ ਨਹੀਂ ਦੇਵਾਂਗੇ।