ਚੰਡੀਗੜ੍ਹ, 24 ਜੂਨ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਕਿ ਕੀ 10,000 ਪੰਜਾਬ ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਕੀਤੇ ਗਏ ਹਨ ਜਾਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਦੂਸਰੀਆ ਸਿਆਸੀ ਪਾਰਟੀਆਂ ਦੀ ਮਦਦ ਕਰਨ ਕਾਰਨ। ਇਸ ਮਾਮਲੇ ਵਿੱਚ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੰਭੀਰ ਮਾਮਲੇ ਵਿੱਚ ਪੰਜਾਬ ਨੂੰ ਗੁੰਮਰਾਹ ਕੀਤਾ ਹੈ ਅਤੇ ਮੁੱਖ ਮੰਤਰੀ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਚੁੱਘ ਨੇ ਕਿਹਾ ਕਿ ਡੀਜੀਪੀ ਪੰਜਾਬ ਪੁਲਿਸ ਨੇ ਇਹ ਕਹਿ ਕੇ ਮੁੱਖ ਮੰਤਰੀ ਦੇ ਸਟੈਂਡ ਦਾ ਖੰਡਨ ਕੀਤਾ ਹੈ ਕਿ ਤਬਾਦਲੇ ਬਾਕਾਇਦਾ ਤਰੀਕੇ ਨਾਲ ਕੀਤੇ ਗਏ ਹਨ ਅਤੇ ਉਨ੍ਹਾਂ ਦਾ ਡਰੱਗ ਮਾਫੀਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਦੋਂ ਕਿ ਕੁਝ ਸਿਆਸੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਤਬਾਦਲੇ ਇਸ ਲਈ ਕੀਤੇ ਗਏ ਹਨ ਕਿਉਂਕਿ 10,000 ਪੁਲਿਸ ਵਾਲਿਆਂ ਨੇ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਮਦਦ ਕਰਨ ਦੀ ਬਜਾਏ ਹੋਰ ਸਿਆਸੀ ਪਾਰਟੀਆਂ ਦਾ ਸਮਰਥਨ ਕੀਤਾ ਸੀ। ਚੁੱਘ ਨੇ ਕਿਹਾ, "ਪੁਲਿਸ ਬਲ ਵਿਰੁੱਧ ਅਜਿਹੇ ਦੋਸ਼ ਯਕੀਨੀ ਤੌਰ 'ਤੇ ਸਰਹੱਦੀ ਸੂਬੇ ਦੀ ਸਮੁੱਚੀ ਪੁਲਿਸ ਫੋਰਸ ਦਾ ਮਨੋਬਲ ਡੇਗਣਗੇ ਅਤੇ ਮੁੱਖ ਮੰਤਰੀ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ," ਚੁੱਘ ਨੇ ਕਿਹਾ ਕਿ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਮੁੱਖ ਮੰਤਰੀ ਨੇ 10,000 ਪੁਲਿਸ ਮੁਲਾਜ਼ਮਾਂ 'ਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦੇ ਦੋਸ਼ ਲਾਏ ਹਨ, ਜਦਕਿ ਸੱਚਾਈ ਇਹ ਹੈ ਕਿ ਸਾਰੇ ਡਰੱਗ ਮਾਫੀਆ ਸੂਬੇ 'ਚ ਆਪਣਾ ਕਾਰੋਬਾਰ ਚਲਾਉਣ ਲਈ 'ਆਪ' ਸਰਕਾਰ ਦੀ ਸੁਰੱਖਿਆ ਦਾ ਆਨੰਦ ਮਾਣ ਰਹੇ ਹਨ। ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ 'ਚ ਨਸ਼ਿਆਂ 'ਤੇ ਰੋਕ ਲਗਾਉਣ 'ਚ ਅਸਫਲ ਰਹਿਣ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ।