ਚੰਡੀਗੜ੍ਹ, 13 ਜੁਲਾਈ 2024 : ਪੰਜਾਬ ਵਿੱਚ ਮਾਨਸੂਨ ਦੇ ਮੁੜ ਸਰਗਰਮ ਹੋਣ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਪੰਜਾਬ ਦਾ ਔਸਤ ਤਾਪਮਾਨ ਇੱਕ ਦਿਨ ਵਿੱਚ 6.5 ਡਿਗਰੀ ਹੇਠਾਂ ਆ ਗਿਆ ਹੈ, ਜੋ ਆਮ ਨਾਲੋਂ 3.3 ਡਿਗਰੀ ਘੱਟ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਆਮ ਜਾਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਪਰ, ਇਸ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਅੰਮ੍ਰਿਤਸਰ ‘ਚ 19 ਮਿਲੀਮੀਟਰ, ਲੁਧਿਆਣਾ ‘ਚ 2 ਮਿਲੀਮੀਟਰ, ਪਠਾਨਕੋਟ ‘ਚ 13.5 ਮਿਲੀਮੀਟਰ, ਫਰੀਦਕੋਟ ‘ਚ 1 ਮਿਲੀਮੀਟਰ ਮੀਂਹ ਪਿਆ, ਜਦਕਿ ਬਠਿੰਡਾ ਅਤੇ ਪਟਿਆਲਾ ‘ਚ ਵੀ ਬਾਰਿਸ਼ ਹੋਈ। ਪੰਜਾਬ ਵਿੱਚ ਔਸਤ ਤਾਪਮਾਨ ਵਿੱਚ 6.5 ਡਿਗਰੀ ਦੀ ਗਿਰਾਵਟ ਤੋਂ ਬਾਅਦ ਪਠਾਨਕੋਟ ਦਾ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਵੀਰਵਾਰ ਸ਼ਾਮ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਤਾਪਮਾਨ 28.4 ਡਿਗਰੀ ਰਿਹਾ। ਜੂਨ ਦੇ ਆਖ਼ਰੀ ਦਿਨਾਂ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਵੀ ਹਾਲੇ ਤੱਕ ਭਾਰੀ ਮੀਂਹ ਨਹੀਂ ਪਿਆ ਹੈ। ਮੌਸਮ ਵਿਭਾਗ ਅਨੁਸਾਰ 1 ਤੋਂ 12 ਜੁਲਾਈ ਤੱਕ ਪੰਜਾਬ ਵਿੱਚ ਆਮ ਨਾਲੋਂ 13 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਵਾਵਾਂ ਹਿਮਾਚਲ ਅਤੇ ਰਾਜਸਥਾਨ ਵਿਚਕਾਰ ਸਹੀ ਦਬਾਅ ਨਹੀਂ ਬਣਾ ਪਾ ਰਹੀਆਂ ਹਨ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਰਿਹਾ ਹੈ ਪਰ ਰਾਜਸਥਾਨ ਵਿੱਚ ਆਮ ਨਾਲੋਂ 35 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਆਮ ਤੌਰ ‘ਤੇ ਸੂਬੇ ‘ਚ 56.5 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਹੁਣ ਤੱਕ ਸਿਰਫ਼ 49.2 ਮਿਲੀਮੀਟਰ ਹੀ ਵਰਖਾ ਹੋਈ ਹੈ।