ਚੰਡੀਗੜ੍ਹ, 15 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਾ ਨਾਂ ਬਦਲਣ ਦੀ ਮੁਹਿੰਮ ਦਾ ਚਾਅ ਪੰਜਾਬੀਆਂ ਨੂੰ ਮਹਿੰਗਾ ਪੈ ਰਿਹਾ ਹੈ ਅਤੇ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਸਰਕਾਰ ਵਿਚਾਲੇ ਗੈਰ ਲੋੜੀਂਦੀ ਹਊਮੈ ਦੀ ਲੜਾਈ ਦੀ ਮਾਰ ਗਰੀਬ ਮਰੀਜ਼ਾਂ ਨੂੰ ਝੱਲਣੀ ਪਵੇਗੀ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ (ਐਨ ਐਚ ਐਮ) ਤਹਿਤ 546 ਕਰੋੜ ਰੁਪਏ ਦੀ ਅਗਲੀ ਕਿਸ਼ਤ ਹੈਲਥ ਵੈਲਨੈਸ ਕਲੀਨਿਕਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਨ ਕਾਰਨ ਰੋਕਣ ਦੇ ਫੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਐਨ ਐਚ ਐਮ ਤਹਿਤ 546 ਕਰੋੜ ਰੁਪਏ ਦੀ ਗਰਾਂਟ ਸੂਬੇ ਨੂੰਜਾਰੀ ਨਾ ਕੀਤੀ ਗਈ ਤਾਂ ਫਿਰ ਸੂਬੇ ਦਾ ਸਾਰਾ ਸਿਹਤ ਸੈਕਟਰ ਹੀ ਬੁਰੀ ਤਰ੍ਹਾਂ ਲੀਹੋਂ ਲੱਥ ਜਾਵੇਗਾ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਨੇ ਮਹਿੰਗੀ ਲਾਗਤ ’ਤੇ ਨਾਂ ਬਦਲਣ ਦੀ ਮੁਹਿੰਮ ਵਿੱਢ ਕੇ ਪੇਂਡੂ ਡਿਸਪੈਂਸਰੀਆਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਕੇ ਸਿਹਤ ਦਾ ਬੁਨਿਆਦੀ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਪ੍ਰਾਇਮਰੀ ਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਡਾਊਨ ਗ੍ਰੇਡ ਕਰ ਦਿੱਤਾ ਹੈ ਤੇ ਹਸਪਤਾਲਾਂ ਵਿਚ ਕੰਮ ਕਰਦੇ ਡਾਕਟਰਾਂ ਨੂੰ ਆਪ ਲੀਡਰਸ਼ਿਪ ਦੇ ਮਨ ਦੀ ਸੰਤੁਸ਼ਟੀ ਵਾਸਤੇ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਐਮਰਜੰਸੀ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਅਕਾਲੀ ਆਗੂ ਨੇ ਕਿਹਾ ਕਿ ਕਲੀਨਿਕਾਂ ਵਿਚ ਸਟਾਫ ਦੀ ਕੋਈ ਭਰਤੀ ਨਹੀਂ ਕੀਤੀ ਗਈ ਸਿ ਕਾਰਨ ਮੌਜੂਦਾ ਸਿਹਤ ਸੇਵਾਵਾਂ ਪ੍ਰਭਾਵਤ ਹੋਈਆਂ ਹਨ। ਉਹਨਾਂ ਕਿਹਾ ਕਿ ਐਨ ਐਚ ਐਮ ਪ੍ਰਾਜੈਕਟਾਂ ਦੇ ਫੰਡ ਹੋਰ ਪਾਸੇ ਵਰਤ ਕੇ ਕਲੀਨਿਕ ਸਥਾਪਿਤ ਕੀਤੇ ਗਏ ਹਨ ਜਿਸ ਕਾਰਨ ਐਨ ਐਚ ਐਮ ਸਟਾਫ ’ਤੇ ਮਾਰੂ ਅਸਰ ਪਵੇਗਾ ਤੇ ਸਟਾਫ ਦੀਆਂ ਤਨਖਾਹਾਂ ਦੇਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਡਾ. ਚੀਮਾ ਨੇ ਕਿਹਾ ਕਿ ਇਸ ਕਦਮ ਨਾਲ ਕੇਂਦਰ -ਰਾਜ ਸੰਬੰਧਾਂ ਵਿਚ ਕੁੜਤਣ ਪੈਦਾ ਹੋਈ ਹੈ ਜੋ ਸੂਬੇ ਵਾਸਤੇ ਚੰਗੀ ਨਹੀਂ ਹੈ। ਉਹਨਾਂ ਕਿਹਾ ਕਿ ਹੋਰ ਵਿਕਾਸ ਪ੍ਰਾਜੈਕਟਾਂ ’ਤੇ ਵੀ ਅਸਰ ਪਵੇਗਾ ਕਿਉਂਕਿ ਆਪ ਸਰਕਾਰ ਨੇ ਆਪਣੇ ਪੈਟ ਪ੍ਰਾਜੈਕਟਾਂ ਵਾਸਤੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਜਿਸਦਾ ਮਕਸਦ ਲੋਕ ਪਲਾਈ ਦੀ ਥਾਂ ਪਾਰਟੀ ਦੇ ਅਕਸ ਨੁੰ ਉਭਾਰਨਾ ਹੈ। ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਆਪਣੀਆਂ ਤਰਜੀਹਾਂ ਦਰੁੱਸਤ ਕਰੇ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸੁਪਰ ਸਪੈਸ਼ਲਟੀ ਸੇਵਾਵਾਂ ਸਮੇਤ ਟਰਸ਼ੀਅਰੀ ਕੇਅਰ ਸਹੂਲਤਾਂ ਵਿਚ ਵਾਧਾ ਕੀਤਾ ਜਾਵੇ ਨਾ ਕਿ ਫਸਟ ਏਡ ਕੇਂਦਰ ਵਧਾਏ ਜਾਣ।ਉਹਨਾਂ ਕਿਹਾ ਕਿ ਸਰਕਾਰ ਨੂੰ ਡਰਾਮੇਬਾਜ਼ੀ ਬੰਦ ਕਰ ਕੇ ਸੂਬੇ ਵਿਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਸਹੀ ਕਦਮ ਚੁੱਕਣੇ ਚਾਹੀਦੇ ਹਨ।